ਟਰੰਪ ਦੀ ਧਮਕੀ ਗੰਭੀਰ: ਰੂਸ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਰੂਸੀ ਵਸਤਾਂ ਦੇ ਖ਼ਰੀਦਦਾਰਾਂ ’ਤੇ ਪਾਬੰਦੀਆਂ ਦੀ ਧਮਕੀ ਅਤੇ ਯੂਕਰੇਨ ਨੂੰ ਹਥਿਆਰ ਦੇਣ ਬਾਰੇ ਬਿਆਨਾਂ ਨੂੰ ਕ੍ਰੈਮਲਿਨ ਨੇ ਗੰਭੀਰ ਕਰਾਰ ਦਿੱਤਾ ਹੈ। ਰੂਸ ਨੇ ਕਿਹਾ ਹੈ ਕਿ ਉਹ ਟਰੰਪ ਦੇ ਬਿਆਨ ਦਾ ਵਿਸ਼ਲੇਸ਼ਣ ਕਰ ਰਿਹਾ ਹੈ। ਉਧਰ ਰੂਸੀ ਉਪ ਵਿਦੇਸ਼ ਮੰਤਰੀ ਸਰਗੇਈ ਰਿਆਬਕੋਵ ਨੇ ਕਿਹਾ ਕਿ ਮਾਸਕੋ ਗੱਲਬਾਤ ਲਈ ਤਿਆਰ ਹੈ ਪਰ ਰੂਸ ਅਲਟੀਮੇਟਮਾਂ ਨੂੰ ਪਸੰਦ ਨਹੀਂ ਕਰਦਾ ਹੈ। ਟਰੰਪ ਦੇ ਹਾਲੀਆ ਬਿਆਨਾਂ ਬਾਰੇ ਪੁੱਛਣ ’ਤੇ ਰੂਸੀ ਤਰਜਮਾਨ ਦਮਿੱਤਰੀ ਪੇਸਕੋਵ ਨੇ ਕਿਹਾ, ‘‘ਅਮਰੀਕੀ ਰਾਸ਼ਟਰਪਤੀ ਦੇ ਬਿਆਨ ਬਹੁਤ ਗੰਭੀਰ ਹਨ। ਉਨ੍ਹਾਂ ’ਚੋਂ ਕੁਝ ਤਾਂ ਨਿੱਜੀ ਤੌਰ ’ਤੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਖ਼ਿਲਾਫ਼ ਕੀਤੇ ਗਏ ਹਨ। ਸਾਨੂੰ ਬਿਆਨਾਂ ਦਾ ਵਿਸ਼ਲੇਸ਼ਣ ਕਰਨ ਦੀ ਲੋੜ ਹੈ। ਜੇ ਰਾਸ਼ਟਰਪਤੀ ਪੂਤਿਨ ਨੂੰ ਲੋੜ ਮਹਿਸੂਸ ਹੋਈ ਤਾਂ ਉਹ ਜ਼ਰੂਰ ਇਸ ਦਾ ਜਵਾਬ ਦੇਣਗੇ।’’ ਪੇਸਕੋਵ ਨੇ ਕਿਹਾ ਕਿ ਯੂਕਰੇਨ ਨੂੰ ਹਥਿਆਰ ਦੇਣ ਦਾ ਫ਼ੈਸਲਾ ਸ਼ਾਂਤੀ ਦਾ ਸੁਨੇਹਾ ਨਹੀਂ ਸਗੋਂ ਇਹ ਜੰਗ ਜਾਰੀ ਰੱਖਣ ਦਾ ਸੰਕੇਤ ਹੈ। ਉਨ੍ਹਾਂ ਦੁਹਰਾਇਆ ਕਿ ਰੂਸ, ਯੂਕਰੇਨ ਨਾਲ ਸਿੱਧੀ ਗੱਲਬਾਤ ਕਰਨ ਲਈ ਤਿਆਰ ਹੈ। -ਰਾਇਟਰਜ਼
ਯੂਕਰੇਨ ’ਚ ਰੂਸ ਦੀ ਸਹਾਇਤਾ ਕਰਨ ਵਾਲੇ ਅਮਰੀਕੀ ਨੂੰ ਪੂਤਿਨ ਨੇ ਦਿੱਤਾ ਪਾਸਪੋਰਟ
ਮਾਸਕੋ: ਯੂਕਰੇਨ ’ਚ ਫੌਜ ਨੂੰ ਨਿਸ਼ਾਨਾ ਬਣਾਉਣ ਲਈ ਰੂਸ ਦੀ ਸਹਾਇਤਾ ਕਰਨ ਵਾਲੇ ਅਮਰੀਕੀ ਨਾਗਰਿਕ ਡੈਨੀਅਲ ਮਾਰਟਿਨਡੇਲ ਨੂੰ ਵਲਾਦੀਮੀਰ ਪੂਤਿਨ ਨੇ ਰੂਸੀ ਪਾਸਪੋਰਟ ਦਿੱਤਾ ਹੈ। ਉਸ ਨੇ ਰੂਸੀ ’ਚ ਕਿਹਾ ਕਿ ਉਹ ਰੂਸੀ ਫੈਡਰੇਸ਼ਨ ਦੀ ਨਾਗਰਿਕਤਾ ਸਵੀਕਾਰ ਕਰਦਾ ਹੈ। ਮਾਰਟਿਨਡੇਲ ਨੇ ਕਿਹਾ ਕਿ ਉਹ ਰੂਸ ਨੂੰ ਸਿਰਫ਼ ਆਪਣਾ ਘਰ ਹੀ ਨਹੀਂ ਸਗੋਂ ਪਰਿਵਾਰ ਵੀ ਮੰਨਦਾ ਹੈ।
ਰੂਸ ਵੱਲੋਂ ਦੋਨੇਤਸਕ ਖ਼ਿੱਤੇ ’ਚ ਦੋ ਪਿੰਡਾਂ ’ਤੇ ਕਬਜ਼ਾ
ਮਾਸਕੋ: ਰੂਸੀ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਫੌਜ ਨੇ ਯੂਕਰੇਨ ਦੇ ਪੂਰਬੀ ਦੋਨੇਤਸਕ ਖ਼ਿੱਤੇ ਦੇ ਦੋ ਪਿੰਡਾਂ ’ਤੇ ਕਬਜ਼ਾ ਕਰ ਲਿਆ ਹੈ। ਰੂਸ ਵੱਲੋਂ ਵੋਸਕ੍ਰੇਸੇਨਕਾ ਅਤੇ ਪੈਤਰਿਵਕਾ ਪਿੰਡਾਂ ’ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਗਿਆ ਹੈ। ਉਂਝ ਖ਼ਬਰ ਏਜੰਸੀ ਨੇ ਇਸ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ ਹੈ।