ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਏਸ਼ਿਆਈ ਅਮਰੀਕੀਆਂ ’ਚ ਟਰੰਪ ਦੀ ਹਰਮਨਪਿਆਰਤਾ ਘਟੀ

ਟਰੰਪ ਦੀ ਖ਼ਿਲਾਫ਼ਤ ਕਰਨ ਵਾਲਿਆਂ ਦੀ ਦਰ ਵਧ ਕੇ 71 ਪ੍ਰਤੀਸ਼ਤ ਹੋਈ; ਨਵੀਆਂ ਟੈਰਿਫ ਨੀਤੀਆਂ ਕਾਰਨ ਖਰਚ ਹੋਰ ਵਧਣ ਨੂੰ ਲੈ ਕੇ ਲੋਕ ਨਾਰਾਜ਼
Advertisement
ਅਮਰੀਕਾ ਵਿੱਚ ਇੱਕ ਛੋਟੇ ਪਰ ਤੇਜ਼ੀ ਨਾਲ ਉੱਭਰ ਰਹੇ ਗਰੁੱਪ ਨੇ ਇਸ ਵਰ੍ਹੇ ਰਾਸ਼ਟਰਪਤੀ ਡੋਨਲਡ ਟਰੰਪ ਪ੍ਰਤੀ ਕੁਝ ਨਾਰਾਜ਼ਗੀ ਜਤਾਈ ਹੈ ਕਿਉਂਕਿ ਉਹ ਉੱਚ ਲਾਗਤਾਂ ਨੂੰ ਲੈ ਕੇ ਫ਼ਿਕਰਮੰਦ ਹਨ ਤੇ ਉਨ੍ਹਾਂ ਨੂੰ ਖਦਸ਼ਾ ਹੈ ਕਿ ਨਵੀਆਂ ਟੈਰਿਫ ਨੀਤੀਆਂ ਉਨ੍ਹਾਂ ਦੇ ਖਰਚ ਹੋਰ ਵਧਾ ਦੇਣਗੀਆਂ। ਇੱਕ ਨਵੇਂ ਸਰਵੇਖਣ ’ਚ ਇਹ ਖੁਲਾਸਾ ਹੋਇਆ ਹੈ। ਏਏਪੀਆਈ ਡਾਟਾ ਤੇ ਦਿ ਐਸੋਸੀਏਟਿਡ ਪ੍ਰੈੱਸ-ਐੱਨਓਆਰਸੀ ਸੈਂਟਰ ਫਾਰ ਪਬਲਿਕ ਅਫੇਅਰਜ਼ ਰਿਸਰਚ ਦੇ ਸਰਵੇਖਣ ਮੁਤਾਬਕ ਟਰੰਪ ਖ਼ਿਲਾਫ਼ ਰਾਇ ਰੱਖਣ ਵਾਲੇ ਏਸ਼ਿਆਈ ਅਮਰੀਕੀ, ਹਵਾਈ ਤੇ ਪ੍ਰਸ਼ਾਂਤ ਟਾਪੂ ਵਾਸੀਆਂ ਦੀ ਪ੍ਰਤੀਸ਼ਤਤਾ ਜੁਲਾਈ ’ਚ ਵਧ ਕੇ 71 ਪ੍ਰਤੀਸ਼ਤ ਹੋ ਗਈ, ਜੋ ਪਿਛਲੇ ਸਾਲ ਦਸੰਬਰ ’ਚ 60 ਫ਼ੀਸਦ ਸੀ।

ਖਾਸ ਤੌਰ ’ਤੇ ਏਏਪੀਆਈ ਬਾਲਗਾਂ, ਜੋ ਖ਼ੁਦ ਨੂੰ ਸੁਤੰਤਰ ਦੱਸਦੇ ਹਨ, ਦੀ ਰਾਸ਼ਟਰਪਤੀ ਪ੍ਰਤੀ ਸੁਰ ਨਰਮ ਹੈ ਜਦਕਿ 10 ਵਿੱਚੋਂ 7 ਏਏਪੀਆਈ ਸੁਤੰਤਰ ਲੋਕਾਂ ਦੀ ਟਰੰਪ ਪ੍ਰਤੀ ‘ਬਹੁਤ’ ਜਾਂ ‘ਕੁਝ ਹੱਦ ਤੱਕ’ ਉਲਟ ਰਾਇ ਹੈ, ਜੋ ਦਸੰਬਰ ਵਿਚਲੀ ਦਰ ਤੋਂ ਲਗਪਗ 20 ਫ਼ੀਸਦ ਵੱਧ ਹੈ।

Advertisement

ਇਹ ਸਰਵੇਖਣ ਏਸ਼ਿਆਈ ਅਮਰੀਕੀਆਂ, ਮੂਲ ਹਵਾਈ ਵਾਸੀਆਂ ਅਤੇ ਪ੍ਰਸ਼ਾਂਤ ਟਾਪੂ ਵਾਸੀਆਂ ਦੇ ਵਿਚਾਰਾਂ ਦੀ ਪੜਚੋਲ ਕਰਨ ਵਾਲੇ ਇੱਕ ਚੱਲ ਰਹੇ ਪ੍ਰਾਜੈਕਟ ਦਾ ਹਿੱਸਾ ਹੈ, ਜਿਨ੍ਹਾਂ ਦੇ ਵਿਚਾਰ ਭਾਸ਼ਾਈ ਨੁਮਾਇੰਦਗੀ ਦੀ ਘਾਟ ਕਾਰਨ ਹੋਰ ਸਰਵੇਖਣਾਂ ’ਚ ਨਸ਼ਰ ਨਹੀਂ ਕੀਤੇ ਜਾਂਦੇ।

ਏਏਪੀਆਈ ਦੇ ਸੁਤੰਤਰ ਲੋਕਾਂ ਦਾ ਟਰੰਪ ਦੇ ਵਿਰੁੁੱਧ ਨਜ਼ਰੀਆ ਕੁੱਲ ਸੁਤੰਤਰ ਬਾਲਗਾਂ ’ਚ ਉਨ੍ਹਾਂ ਖਿਲਾਫ਼ ਰੇਟਿੰਗ ਨਾਲੋਂ ਵੱਧ ਹੈ, ਜੋ ਕਿ ਜੂਨ ਦੀ ਏਪੀ-ਐੱਨਓਆਰਸੀ ਪੋਲ ’ਚ 52 ਫ਼ੀਸਦ ਸੀ ਅਤੇ ਦਸੰਬਰ ਵਿੱਚ 44 ਫ਼ੀਸਦ ਨਾਲੋਂ ਥੋੜ੍ਹਾ ਵੱਧ ਸੀ।

ਸਰਵੇਖਣ ਮੁਤਾਬਕ 10 ’ਚ 8 ਏਏਪੀਆਈ ਬਾਲਗਾਂ ਨੂੰ ਲੱਗਦਾ ਹੈ ਟਰੰਪ ਦੀਆਂ ਟੈਰਿਫ ਨੀਤੀਆਂ ਖਪਤਕਾਰਾਂ ਦੀਆਂ ਵਸਤਾਂ ਦੀ ਕੀਮਤ ਵਧਾ ਦੇਣਗੀਆਂ, ਜਦੋਂ ਕਿ 10 ’ਚੋਂ ਸਿਰਫ਼ 4 ਸੋਚਦੇ ਹਨ ਕਿ ਉਹ ਨੀਤੀਆਂ ਘਰੇਲੂ ਨਿਰਮਾਣ ਨੂੰ ਹੁਲਾਰਾ ਦੇਣਗੀਆਂ ਅਤੇ 10 ’ਚ ਸਿਰਫ਼ 2 ਨੂੰ ਨੌਕਰੀਆਂ ਦੀ ਉਮੀਦ ਹੈ। ਲੋਕਾਂ ਨੇ ਸਿੱਖਿਆ ਸਮੇਤ ਸਰਕਾਰੀ ਖਰਚਿਆਂ ’ਚ ਕਟੌਤੀ ਦਾ ਹਵਾਲਾ ਵੀ ਦਿੱਤਾ ਹੈ।

ਸਰਕਾਰੀ ਅੰਕੜਿਆਂ ਦੇ ਪਿਊ ਰਿਸਰਚ ਸੈਂਟਰ ਦੇ ਮੁਲਾਂਕਣ ਮੁਤਾਬਕ ਏਏਪੀਆਈ ਬਾਲਗ ਅਮਰੀਕੀ ਆਬਾਦੀ ਦੇ ਇੱਕ ਛੋਟੇ ਜਿਹੇ ਹਿੱਸੇ ਦੀ ਨੁਮਾਇੰਦਗੀ ਕਰਦੇ ਹਨ, ਜੋ ਕਿ 2023 ’ਚ ਦੇਸ਼ ਦੇ ਵਸਨੀਕਾਂ ਦਾ ਲਗਪਗ 7 ਫ਼ੀਸਦ ਸਨ। ਇਸ ਵਰਗ ਦੇ ਦੋ-ਤਿਹਾਈ (65 ਫ਼ੀਸਦ) ਲੋਕ ਕਹਿੰਦੇ ਹਨ ਕਿ ਉਹ ਅਮਰੀਕੀ ਅਰਥਚਾਰੇ ਦੇ ਮੰਦੀ ਵਿੱਚ ਜਾਣ ਦੀ ਸੰਭਾਵਨਾ ਬਾਰੇ ‘ਬਹੁਤ ਜ਼ਿਆਦਾ’ ਫ਼ਿਕਰਮੰਦ ਹਨ।

 

 

Advertisement