DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟਰੰਪ ਦਾ ਫ਼ੌਜੀ ਦਖ਼ਲ ਲੋਕਤੰਤਰ ’ਤੇ ਹਮਲਾ ਕਰਾਰ

ਇਮੀਗ੍ਰੇਸ਼ਨ ਛਾਪਿਆਂ ਖ਼ਿਲਾਫ਼ ਪੂਰੇ ਅਮਰੀਕਾ ’ਚ ਫੈਲਿਆ ਰੋਸ; ਪ੍ਰਦਰਸ਼ਨ ਨੂੰ ਤੇਜ਼ ਕਰਨ ਦੀ ਯੋਜਨਾ ਬਣਾ ਰਹੇ ਨੇ ਪ੍ਰਦਰਸ਼ਨਕਾਰੀ
  • fb
  • twitter
  • whatsapp
  • whatsapp
featured-img featured-img
ਲਾਸ ਏਂਜਲਸ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਤਾਇਨਾਤ ਸੁਰੱਖਿਆ ਕਰਮੀ। -ਫੋਟੋ: ਰਾਇਟਰਜ਼
Advertisement

ਲਾਸ ਏਂਜਲਸ, 11 ਜੂਨ

ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਅਮਰੀਕੀ ਜੀਵਨ ਸ਼ੈਲੀ ਲਈ ਖ਼ਤਰਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਨਿਰਦੇਸ਼ ’ਤੇ ਲਾਸ ਏਂਜਲਸ ਵਿੱਚ ਨੈਸ਼ਨਲ ਗਾਰਡ ਅਤੇ ਮੈਰੀਨ ਬਲਾਂ ਦੀ ਨਫ਼ਰੀ ਵਧਾਉਣਾ ਪ੍ਰਦਰਸ਼ਨਾਂ ਨੂੰ ਦਬਾਉਣ ਦਾ ਸਿਰਫ਼ ਯਤਨ ਨਹੀਂ, ਸਗੋਂ ਲੋਕਤੰਤਰ ’ਤੇ ਹਮਲਾ ਹੈ। ਉਧਰ, ਇਮੀਗ੍ਰੇਸ਼ਨ ਛਾਪਿਆਂ ਖ਼ਿਲਾਫ਼ ਸ਼ੁਰੂ ਹੋਏ ਪ੍ਰਦਰਸ਼ਨਾਂ ਦਾ ਦਾਇਰਾ ਹੁਣ ਪੂਰੇ ਅਮਰੀਕਾ ਵਿੱਚ ਫੈਲ ਰਿਹਾ ਹੈ ਅਤੇ ਇਸ ਹਫ਼ਤੇ ਹੋਰ ਪ੍ਰਦਰਸ਼ਨ ਦੀ ਯੋਜਨਾ ਬਣਾਈ ਗਈ ਹੈ। ਇਨ੍ਹਾਂ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਟਰੰਪ ਨੇ ਨੈਸ਼ਨਲ ਗਾਰਡ ਅਤੇ ਮੈਰੀਨ ਬਲਾਂ ਨੂੰ ਬੁਲਾਇਆ ਹੈ।

Advertisement

ਨਿਊਸਮ ਨੇ ਟਰੰਪ ’ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਦੇਸ਼ ਦੇ ਦੂਸਰੇ ਸਭ ਤੋਂ ਵੱਡੇ ਸ਼ਹਿਰ ਵਿੱਚ ‘ਫੌਜੀ ਜਾਲ’ ਵਿਛਾ ਦਿੱਤਾ ਹੈ। ਗਵਰਨਰ ਨੇ ਕਿਹਾ ਕਿ ਇਹ ਯੋਜਨਾਬੱਧ ‘ਜੰਗ’ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਸਮਾਜ ਦੀ ਨੀਂਹ ਉਖਾੜਨਾ ਅਤੇ ਸ਼ਕਤੀ ਨੂੰ ਵ੍ਹਾਈਟ ਹਾਊਸ ਅਧੀਨ ਕੇਂਦਰਿਤ ਕਰਨਾ ਹੈ। ਨਿਊਸਮ ਨੇ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਸੂਬਿਆਂ ’ਚ ਵੀ ਫੌਜ ਸੱਦੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ’ਤੇ ਸਾਡੀਆਂ ਅੱਖਾਂ ਸਾਹਮਣੇ ਹਮਲਾ ਹੋ ਰਿਹਾ ਹੈ, ਜਿਸ ਪਲ ਦਾ ਸਾਨੂੰ ਡਰ ਸੀ, ਉਹ ਆ ਗਿਆ ਹੈ।

ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਿਆਟਲ ਤੇ ਔਸਟਿਨ ਤੋਂ ਲੈ ਕੇ ਸ਼ਿਕਾਗੋ ਤੇ ਵਾਸ਼ਿੰਗਟਨ ਡੀਸੀ ਤੱਕ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈਸੀਈ) ਏਜੰਸੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। -ਏਪੀ

ਟਰੰਪ ਵੱਲੋਂ ਵਿਦਰੋਹ ਐਕਟ ਲਾਗੂ ਕਰਨ ਦੀ ਸੰਭਾਵਨਾ

ਪ੍ਰਦਰਸ਼ਨਾਂ ਦੇ ਮੱਦੇਨਜ਼ਰ ਡੋਨਲਡ ਟਰੰਪ ਨੇ ਵਿਦਰੋਹ ਐਕਟ ਨੂੰ ਲਾਗੂ ਕਰਨ ਦੀ ਸੰਭਾਵਨਾ ਖੁੱਲ੍ਹੀ ਰੱਖੀ ਹੈ। ਇਹ ਰਾਸ਼ਟਰਪਤੀ ਨੂੰ ਬਗ਼ਾਵਤ ਜਾਂ ਘਰੇਲੂ ਹਿੰਸਾ ਨੂੰ ਦਬਾਉਣ ਜਾਂ ਕੁਝ ਸਥਿਤੀਆਂ ਵਿੱਚ ਕਾਨੂੰਨ ਲਾਗੂ ਕਰਨ ਲਈ ਅਮਰੀਕਾ ਦੇ ਅੰਦਰ ਫੌਜੀ ਬਲਾਂ ਨੂੰ ਤਾਇਨਾਤ ਕਰਨ ਦਾ ਅਧਿਕਾਰ ਦਿੰਦਾ ਹੈ। ਬਾਅਦ ਵਿੱਚ ਰਾਸ਼ਟਰਪਤੀ ਨੇ ਫੋਰਟ ਬ੍ਰੈਗ ਵਿੱਚ ਅਮਰੀਕੀ ਫੌਜ ਦੀ 250ਵੀਂ ਵਰ੍ਹੇਗੰਢ ਮੌਕੇ ਸੰਬੋਧਨ ਕਰਦਿਆਂ ਪ੍ਰਦਰਸ਼ਨਕਾਰੀਆਂ ਨੂੰ ‘ਜਾਨਵਰ’ ਅਤੇ ‘ਵਿਦੇਸ਼ੀ ਦੁਸ਼ਮਣ’ ਕਿਹਾ।

ਲਾਸ ਏਂਜਲਸ ਸ਼ਹਿਰ ਦੇ ਮੁੱਖ ਖੇਤਰਾਂ ’ਚ ਕਰਫਿਊ

ਲਾਸ ਏਂਜਲਸ (ਅਮਰੀਕਾ): ਲਾਸ ਏਂਜਲਸ ਦੀ ਮੇਅਰ ਕੈਰੇਨ ਬਾਸ ਨੇ ਅੱਜ ਸ਼ਹਿਰ ਦੇ ਮੁੱਖ ਖੇਤਰਾਂ ਵਿੱਚ ਭੰਨ-ਤੋੜ ਅਤੇ ਲੁੱਟ-ਖੋਹ ਨੂੰ ਰੋਕਣ ਲਈ ਕਰਫਿਊ ਲਾ ਦਿੱਤਾ ਹੈ। ਬਾਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਨ੍ਹਾਂ ਨੇ ਸਥਾਨਕ ਐਮਰਜੈਂਸੀ ਦਾ ਐਲਾਨ ਕੀਤਾ ਹੈ ਅਤੇ ਕਰਫਿਊ ਰਾਤ ਅੱਠ ਵਜੇ ਤੋਂ ਸਵੇਰੇ ਛੇ ਵਜੇ ਤੱਕ ਲਾਗੂ ਰਹੇਗਾ। ਬਾਸ ਨੇ ਕਿਹਾ ਕਿ 23 ਵਪਾਰਕ ਟਿਕਾਣਿਆਂ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਮਗਰੋਂ ਇਹ ਕਦਮ ਚੁੱਕਿਆ ਗਿਆ ਹੈ। ਕਰਫਿਊ ਸ਼ਹਿਰ ਦੇ ਮੁੱਖ ਖੇਤਰ ਦੇ ਇੱਕ ਵਰਗ ਮੀਲ (2.59 ਵਰਗ ਕਿਲੋਮੀਟਰ) ਇਲਾਕੇ ਵਿੱਚ ਲਾਗੂ ਰਹੇਗਾ, ਜਿਸ ਵਿੱਚ ਉਹ ਖੇਤਰ ਵੀ ਸ਼ਾਮਲ ਹੈ, ਜਿੱਥੇ ਸ਼ੁੱਕਰਵਾਰ ਨੂੰ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। -ਏਪੀ

Advertisement
×