Trump-Zelensky Clash: ਟਰੰਪ ਤੇ ਜ਼ੇਲੈਂਸਕੀ ਵਿਚਾਲੇ ਮੀਡੀਆ ਸਾਹਮਣੇ ਬਹਿਸ
ਵਾਸ਼ਿੰਗਟਨ, 1 ਮਾਰਚ
Trump-Zelensky Clash: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਓਵਲ ਆਫਿਸ ਵਿੱਚ ਮੀਟਿੰਗ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ’ਤੇ ਵਰ੍ਹਦਿਆਂ ‘‘ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ’ ਲਈ ਜ਼ੇਲੈਂਸਕੀ ਦੀ ਝਾੜ ਝੰਬ ਕੀਤੀ। ਟਰੰਪ, ਉਪ ਰਾਸ਼ਟਰਪਤੀ ਜੇਡੀ ਵਾਂਸ ਅਤੇ ਜ਼ੇਲੈਂਸਕੀ ਵਿਚਾਲੇ ਕਰੀਬ 45 ਮਿੰਟ ਤੱਕ ਗੱਲਬਾਤ ਹੋਈ, ਜਿਸ ’ਚ ਆਖਰੀ 10 ਮਿੰਟ ਤਿੰਨਾਂ ਵਿਚਾਲੇ ਕਾਫੀ ਬਹਿਸ ਹੋਈ। ਜ਼ੇਲੈਂਸਕੀ ਨੇ ਆਪਣਾ ਪੱਖ ਰੱਖਦਿਆਂ ਰੂਸ ਦੀ ਕੂਟਨੀਤਕ ਪਾਬੰਦੀ ’ਤੇ ਸ਼ੱਕ ਪ੍ਰਗਟ ਕੀਤਾ ਅਤੇ ਮਾਸਕੋ ਵੱਲੋਂ ਤੋੜੀਆਂ ਗਈਆਂ ਪਾਬੰਦੀਆਂ ਦਾ ਹਵਾਲਾ ਦਿੱਤਾ।
ਇਸ ਦੀ ਸ਼ੁਰੂਆਤ ਵਾਂਸ ਵੱਲੋਂ ਜ਼ੇਲੈਂਸਕੀ ਨੂੰ ਇਹ ਕਹਿਣ ਨਾਲ ਹੋਈ, ‘‘ਰਾਸ਼ਟਰਪਤੀ ਜੀ। ਮੈਨੂੰ ਲੱਗਦਾ ਹੈ ਕਿ ਤੁਸੀਂ ਅਮਰੀਕੀ ਮੀਡੀਆ ਦੇ ਸਾਹਮਣੇ ਇਸ ਮਾਮਲੇ ’ਤੇ ਦਾਅਵਾ ਕਰ ਕੇ ਬੇਇੱਜ਼ਤੀ ਕਰ ਰਹੇ ਹੋ।’’
ਜ਼ੇਲੈਂਸਕੀ ਨੇ ਅਪੀਲ ਕਰਨ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਟਰੰਪ ਨੇ ਉੱਚੀ ਆਵਾਜ਼ ਵਿੱਚ ਕਿਹਾ, ‘‘ਤੁਸੀਂ ਲੱਖਾਂ ਲੋਕਾਂ ਦੀ ਜ਼ਿੰਗਦੀ ਨਾਲ ਖਿਲਵਾੜ ਕਰ ਰਹੇ ਹੋ।’’ ਟਰੰਪ ਨੇ ਕਿਹਾ, ‘‘ਤੁਸੀਂ ਤੀਜੀ ਵਿਸ਼ਵ ਜੰਗ ਨੂੰ ਸੱਦਾ ਦੇ ਰਹੇ ਹੋ ਅਤੇ ਜੋ ਤੁਸੀਂ ਕਰ ਰਹੇ ਹੋ, ਉਹ ਦੇਸ਼ ਦੇ ਲਈ ਵੱਡੀ ਬੇਇੱਜ਼ਤੀ ਹੈ, ਇਹ ਉਹ ਦੇਸ਼ ਹੈ ਜਿਸ ਨੇ ਤੁਹਾਡੇ ਲਈ ਬਹੁਤ ਜ਼ਿਆਦਾ ਸਮਰਥਨ ਦਿੱਤਾ ਹੈ।’’
ਆਮ ਤੌਰ ’ਤੇ ਗੰਭੀਰ ਚਰਚਾਵਾਂ ਲਈ ਪ੍ਰਸਿੱਧ ਓਵਲ ਆਫ਼ਿਸ ਵਿੱਚ ਇਹ ਤਣਾਅ ਅਤੇ ਖੁੱਲ੍ਹੇ ਤੌਰ ’ਤੇ ਉੱਚੀ ਆਵਾਜ਼ ਵਿੱਚ ਗੱਲਬਾਤ ਕਰਨ ਦਾ ਦ੍ਰਿਸ਼ ਹੈਰਾਨ ਕਰਨ ਵਾਲਾ ਸੀ। ਇਸ ਤੋਂ ਪਹਿਲਾਂ ਬੈਠਕ ਵਿੱਚ ਟਰੰਪ ਨੇ ਕਿਹਾ ਕਿ ਅਮਰੀਕਾ ਯੂਕਰੇਨ ਨੂੰ ਸੈਨਿਕ ਸਹਾਇਤਾ ਦੇਣਾ ਜਾਰੀ ਰੱਖੇਗਾ, ਪਰ ਬਹੁਤ ਵੱਡੀ ਸਹਾਇਤਾ ਨਹੀਂ ਮਿਲੇਗੀ।
Watch this carefully. Very important.
— Elon Musk (@elonmusk) February 28, 2025
ਟਰੰਪ ਨੇ ਕਿਹਾ, ‘‘ਅਸੀਂ ਬਹੁਤ ਜ਼ਿਆਦਾ ਹਥਿਆਰ ਭੇਜਣ ਬਾਰੇ ਨਹੀਂ ਸੋਚ ਰਹੇ। ਅਸੀਂ ਜੰਗ ਦੇ ਖ਼ਤਮ ਹੋਣ ਦਾ ਇੰਤਜ਼ਾਰ ਕਰ ਰਹੇ ਹਾਂ ਤਾਂ ਜੋ ਅਸੀਂ ਹੋਰ ਕੰਮ ਕਰ ਸਕੀਏ।’ ਟਰੰਪ ਅਤੇ ਜ਼ੇਲੈਂਸਕੀ ਦੀ ਬੈਠਕ ਦੌਰਾਨ, ਜ਼ੇਲੈਂਸਕੀ ਨੇ ਸੁਰੱਖਿਆ ਦੀ ਗਾਰੰਟੀ ਮੰਗੀ। ਟਰੰਪ ਨੇ ਜ਼ੇਲੈਂਸਕੀ ਨੂੰ ਕਿਹਾ, ‘‘ਇਸ ਤਰ੍ਹਾਂ ਕੰਮ ਕਰਨਾ ਬਹੁਤ ਮੁਸ਼ਕਲ ਹੋਵੇਗਾ।’’
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਵ੍ਹਾਈਟ ਹਾਊਸ ਤੋਂ ਉਸ ਵੇਲੇ ਰਵਾਨਾ ਹੋ ਗਏ ਜਦੋਂ ਟਰੰਪ ਨੇ ਸਮਝੌਤੇ ’ਤੇ ਗੱਲਬਾਤ ਨੂੰ ਵਿਚਕਾਰ ਰੋਕ ਦਿੱਤਾ ਅਤੇ ਓਵਲ ਆਫ਼ਿਸ ਵਿੱਚ ਜ਼ੇਲੈਂਸਕੀ ਨਾਲ ਉੱਚੀ ਅਵਾਜ਼ ਵਿੱਚ ਗੱਲ ਕੀਤੀ। ਟਰੰਪ ਅਤੇ ਉਪ ਰਾਸ਼ਟਪਤੀ ਜੇ.ਡੀ. ਵਾਂਸ ਨੇ ਜ਼ੇਲੈਂਸਕੀ ਵੱਲੋਂ ਸੁਰੱਖਿਆ ਦੀ ਗਾਰੰਟੀ ਮੰਗੇ ਜਾਣ ’ਤੇ ਜ਼ੇਲੈਂਸਕੀ ਦੇ ਵਿਹਾਰ ਨੂੰ ਬੇਇੱਜ਼ਤੀ ਕਰਾਰ ਦਿੱਤਾ।
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਅਤੇ ਯੂਕਰੇਨ ਦੇ ਵਿਚਕਾਰ ਤੁਰੰਤ ਜੰਗ ਦੇ ਖਾਤਮੇ ਦੀ ਇੱਛਾ ਜਤਾਈ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੂੰ ਚੇਤਾਵਨੀ ਦਿੱਤੀ ਕਿ ਉਹ ਜਾਂ ਤਾਂ ਸ਼ਾਂਤੀ ਸਥਾਪਤ ਕਰਨ, ਨਹੀਂ ਤਾਂ ਅਮਰੀਕੀ ਸਮਰਥਨ ਦੀ ਆਸ ਨਾ ਕਰਨ। ਟਰੰਪ ਨੇ ਕਿਹਾ, “ਉਹ ਵਿਅਕਤੀ ਸ਼ਾਂਤੀ ਨਹੀਂ ਚਾਹੁੰਦਾ।” ਉਨ੍ਹਾਂ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਸ਼ਾਂਤੀ ਸਮਝੌਤੇ ਲਈ ਤਿਆਰ ਦਿਖਾਈ ਦੇ ਰਹੇ ਹਨ। ਦੂਜੇ ਪਾਸੇ ਜ਼ੇਲੈਂਸਕੀ ਨੇ ਅਮਰੀਕੀ ਪ੍ਰਸ਼ਾਸਨ ਨੂੰ ਵਲਾਦੀਮੀਰ ਪੂਤਿਨ ਦੇ ਇਰਾਦਿਆਂ 'ਤੇ ਹੋਰ ਸਾਵਧਾਨ ਰਹਿਣ ਦੀ ਅਪੀਲ ਕੀਤੀ।
ਸੁਰੱਖਿਆ ਦੀ ਗਾਰੰਟੀ ਮਿਲਣ ਤੱਕ ਰੂਸ ਨਾਲ ਸ਼ਾਂਤੀ ਗੱਲਬਾਤਾਂ ਵਿੱਚ ਸ਼ਾਮਲ ਨਹੀਂ ਹੋਵੇਗਾ ਯੂਕਰੇਨ
ਜ਼ੇਲੈਂਸਕੀ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨੂੰ ਜਦ ਤੱਕ ਕਿਸੇ ਹੋਰ ਹਮਲੇ ਦੇ ਖ਼ਿਲਾਫ਼ ਸੁਰੱਖਿਆ ਦੀ ਗਾਰੰਟੀ ਨਹੀਂ ਮਿਲਦੀ, ਉਹ ਰੂਸ ਨਾਲ ਸ਼ਾਂਤੀ ਗੱਲਬਾਤ ਵਿੱਚ ਸ਼ਾਮਲ ਨਹੀਂ ਹੋਣਗੇ। ਜ਼ੇਲੈਂਸਕੀ ਨੇ ਕਿਹਾ ਕਿ ਟਰੰਪ ਨਾਲ ਸ਼ੁੱਕਰਵਾਰ ਨੂੰ ਹੋਈ ਗੱਲਬਾਤ ਦੋਹਾਂ ਪੱਖਾਂ ਲਈ ਚੰਗੀ ਨਹੀਂ ਹੈ। ਟਰੰਪ ਨੂੰ ਇਹ ਸਮਝਣ ਦੀ ਲੋੜ ਹੈ ਕਿ ਯੂਕਰੇਨ ਰੂਸ ਨਾਲ ਆਪਣੇ ਰਵੱਈਏ ਨੂੰ ਇਕ ਪਲ ਵਿੱਚ ਨਹੀਂ ਬਦਲ ਸਕਦਾ। -ਏਪੀ