Trump-Xi Talks: ਟੈਰਿਫ ਦੇ ਮੁੱਦੇ ’ਤੇ ਅਮਰੀਕਾ-ਚੀਨ ਵਿਚਕਾਰ ਰੁਕੀ ਵਾਰਤਾ ਦੌਰਾਨ ਟਰੰਪ ਨੇ ਸ਼ੀ ਨਾਲ ਕੀਤੀ ਗੱਲਬਾਤ
Trump speaks with Xi amid stalled talks between US-China over tariffs
ਵਾਸ਼ਿੰਗਟਨ, 5 ਜੂਨ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ (President Donald Trump and his Chinese counterpart, Xi Jinping) ਨੇ ਦੋਵਾਂ ਦੇਸ਼ਾਂ ਵਿਚਕਾਰ ਰੁਕੀ ਹੋਈ ਵਾਰਤਾ ਦੌਰਾਨ ਆਪਸੀ ਗੱਲਬਾਤ ਕੀਤੀ। ਗ਼ੌਰਤਾਬ ਹੈ ਕਿ ਦੋਵਾਂ ਆਲਮੀ ਤਾਕਤਾਂ ਦਰਮਿਆਨ ਗੱਲਬਾਤ ਰੁਕਣ ਕਾਰਨ ਪੈਦਾ ਹੋਏ ਜਮੂਦ ਨੇ ਆਲਮੀ ਵਪਾਰ ਨੂੰ ਪ੍ਰਭਾਵਿਤ ਕੀਤਾ ਹੈ।
ਇਸ ਦੌਰਾਨ ਟਰੰਪ ਵੱਲੋਂ ਇਹ ਆਖੇ ਜਾਣ ਕਿ ਸ਼ੀ ਨਾਲ ਕਿਸੇ ਸਮਝੌਤੇ ਉਤੇ ਅੱਪੜਨਾ ਮੁਸ਼ਕਲ ਹੋਵੇਗਾ, ਵੀਰਵਾਰ ਨੂੰ ਦੋਵਾਂ ਆਗੂਆਂ ਦਰਮਿਆਨ ਇਹ ਚਰਚਾ ਹੋਈ।
ਟਰੰਪ ਨੇ ਬੁੱਧਵਾਰ ਨੂੰ ਆਪਣੀ ਸੋਸ਼ਲ ਮੀਡੀਆ ਸਾਈਟ ਟਰੁੱਥ 'ਤੇ ਕੀਤੀ ਪੋਸਟ ਵਿਚ ਕਿਹਾ ਸੀ, ‘‘ਮੈਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਪਸੰਦ ਹਨ, ਹਮੇਸ਼ਾ ਰਹੇ ਹਨ, ਅਤੇ ਹਮੇਸ਼ਾ ਰਹਿਣਗੇ, ਪਰ ਉਹ ਬਹੁਤ ਅੜੀਅਲ ਹਨ, ਅਤੇ ਉਨ੍ਹਾਂ ਨਾਲ ਸਮਝੌਤਾ ਕਰਨਾ ਬਹੁਤ ਔਖਾ ਹੈ!!!”
ਗ਼ੌਰਤਲਬ ਹੈ ਕਿ 12 ਮਈ ਨੂੰ ਦੋਵਾਂ ਮੁਲਕਾਂ ਵਿਚਕਾਰ ਆਪਣੀਆਂ ਟੈਰਿਫ ਦਰਾਂ ਨੂੰ ਘਟਾਉਣ ਦੇ ਸਮਝੌਤੇ ਤੋਂ ਥੋੜ੍ਹੀ ਦੇਰ ਬਾਅਦ ਹੀ ਅਮਰੀਕਾ ਅਤੇ ਚੀਨ ਵਿਚਕਾਰ ਵਪਾਰਕ ਗੱਲਬਾਤ ਰੁਕ ਗਈ। ਇਸ ਤੋਂ ਪਹਿਲਾਂ ਦੋਵਾਂ ਨੇ ਗੱਲਬਾਤ ਯਕੀਨੀ ਬਣਾਉਣ ਲਈ ਹੀ ਟੈਰਿਫ ਦਰਾਂ ਘਟਾਈਆਂ ਸਨ। ਇਸ ਜਮੂਦ ਦਾ ਕਾਰਨ ਦੋਵਾਂ ਮੁਲਕਾਂ ਦਰਮਿਆਨ ਆਪੋ-ਆਪਣਾ ਮਾਲੀ ਦਬਦਬਾ ਕਾਇਮ ਕਰਨ ਲਈ ਜਾਰੀ ਜ਼ੋਰਦਾਰ ਮੁਕਾਬਲਾ ਹੀ ਹੈ। -ਏਪੀ