ਟਰੰਪ ਵੱਲੋਂ ਰੂਸ ’ਤੇ ਟੈਕਸ ਤੇ ਪਾਬੰਦੀਆਂ ਦੀ ਚਿਤਾਵਨੀ
ਵਾਸ਼ਿੰਗਟਨ ਡੀਸੀ, 8 ਮਾਰਚ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਯੂਕਰੇਨ ਨਾਲ ‘ਜੰਗਬੰਦੀ ਤੇ ਆਖਰੀ ਸ਼ਾਂਤੀ ਸਮਝੌਤੇ’ ’ਤੇ ਪਹੁੰਚਣ ਤੱਕ ਰੂਸ ’ਤੇ ‘ਵੱਡੇ ਪੱਧਰ ’ਤੇ ਬੈਂਕਿੰਗ ਪਾਬੰਦੀ ਤੇ ਟੈਰਿਫ ਲਾਉਣ ’ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ।’ ਟਰੰਪ ਦਾ ਇਹ ਬਿਆਨ ਲੰਘੇ ਵੀਰਵਾਰ ਮਾਸਕੋ ਵੱਲੋਂ ਯੂਕਰੇਨੀ ਊਰਜਾ ਤੇ ਗੈਸ ਬੁਨਿਆਦੀ ਢਾਂਚੇ ’ਤੇ ਵੱਡੇ ਪੱਧਰ ’ਤੇ ਡਰੋਨ ਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ ਆਇਆ ਹੈ।
ਟਰੁੱਥ ਸੋਸ਼ਲ ’ਤੇ ਪਾਈ ਪੋਸਟ ’ਚ ਟਰੰਪ ਨੇ ਲਿਖਿਆ, ‘ਰੂਸ ਇਸ ਸਮੇਂ ਜੰਗ ਦੇ ਮੈਦਾਨ ’ਚ ਯੂਕਰੇਨ ’ਤੇ ਬੁਰੀ ਤਰ੍ਹਾਂ ਹਮਲੇ ਕਰ ਰਿਹਾ ਹੈ। ਜਦੋਂ ਤੱਕ ਕਿ ਜੰਗਬੰਦੀ ਤੇ ਸ਼ਾਂਤੀ ਬਾਰੇ ਆਖਰੀ ਸਮਝੌਤਾ ਨਹੀਂ ਹੋ ਜਾਂਦਾ ਮੈਂ ਰੂਸ ’ਤੇ ਵੱਡੇ ਪੱਧਰ ’ਤੇ ਬੈਂਕਿੰਗ ਪਾਬੰਦੀ ਤੇ ਟੈਰਿਫ ਲਾਉਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹਾਂ।’ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਿ ਬਹੁਤ ਜ਼ਿਆਦਾ ਦੇਰ ਹੋ ਜਾਵੇ ਇਹ ਯੂਕਰੇਨ ਤੇ ਰੂਸ ਲਈ ਮਿਲ ਕੇ ਵਿਚਾਰ ਕਰਨ ਦਾ ਸਮਾਂ ਹੈ।
ਇਸੇ ਦੌਰਾਨ ਅਲ ਜਜ਼ੀਰਾ ਅਨੁਸਾਰ ਯੂਕਰੇਨ ਤੇ ਅਮਰੀਕਾ ਨੇ ਸੰਕੇਤ ਦਿੱਤਾ ਹੈ ਕਿ ਉਹ ਰੂਸ ਨਾਲ ਜੰਗ ਖ਼ਤਮ ਕਰਨ ਲਈ ਰੂਪਰੇਖਾ ’ਤੇ ਚਰਚਾ ਵਾਸਤੇ ਅਗਲੇ ਹਫ਼ਤੇ ਸਾਊਦੀ ਅਰਬ ’ਚ ਮਿਲਣਗੇ। ਜ਼ੇਲੈਂਸਕੀ ਨੇ ਲੰਘੇ ਵੀਰਵਾਰ ਕਿਹਾ ਕਿ ਉਹ ਅਮਰੀਕੀ ਅਧਿਕਾਰੀਆਂ ਨਾਲ ਦੁਵੱਲੀ ਵਾਰਤਾ ਤੋਂ ਪਹਿਲਾਂ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਮੀਟਿੰਗ ਲਈ ਸੋਮਵਾਰ ਨੂੰ ਸਾਊਦੀ ਅਰਬ ਜਾਣਗੇ। -ਪੀਟੀਆਈ