ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਸ ਸਾਲ ਮਈ ਵਿੱਚ ਭਾਰਤ-ਪਾਕਿਸਤਾਨ ਟਕਰਾਅ ਹੱਲ ਕਰਨ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਮੁੜ ਧੰਨਵਾਦ ਕੀਤਾ ਹੈ। ਸ੍ਰੀ ਸ਼ਰੀਫ ਨੇ ਇਹ ਬਿਆਨ ਅਜਿਹੇ ਮੌਕੇ ਦਿੱਤਾ ਹੈ ਜਦੋਂ ਭਾਰਤ ਲਗਾਤਾਰ ਇਹ ਕਹਿ ਰਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਚਾਰ ਦਿਨ ਤੱਕ ਚੱਲੇ ਸਰਹੱਦ ਪਾਰ ਡਰੋਨ ਅਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ 10 ਮਈ ਨੂੰ ਟਕਰਾਅ ਨੂੰ ਖ਼ਤਮ ਕਰਨ ਲਈ ਸਮਝੌਤੇ ’ਤੇ ਪਹੁੰਚੇ ਸਨ ਅਤੇ ਇਸ ਅਮਲ ਵਿੱਚ ਕੋਈ ਤੀਜੀ ਧਿਰ ਸ਼ਾਮਲ ਨਹੀਂ ਸੀ।
ਸ੍ਰੀ ਸ਼ਰੀਫ਼ ਨੇ ਬਾਕੂ ਵਿੱਚ ਅਜ਼ਰਬਾਇਜਾਨ ਦੀ ਵਿਕਟਰੀ ਡੇਅ ਪਰੇਡ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘‘ਇਹ ਰਾਸ਼ਟਰਪਤੀ ਟਰੰਪ ਦੀ ਦਲੇਰ ਅਤੇ ਫ਼ੈਸਲਾਕੁਨ ਅਗਵਾਈ ਸੀ ਜਿਸ ਨੇ ਪਾਕਿਸਤਾਨ ਅਤੇ ਭਾਰਤ ਵਿਚਾਲੇ ਜੰਗਬੰਦੀ ਕਰਵਾਈ, ਦੱਖਣੀ ਏਸ਼ੀਆ ਵਿੱਚ ਸ਼ਾਂਤੀ ਬਹਾਲ ਕੀਤੀ, ਵੱਡੀ ਜੰਗ ਟਾਲੀ ਅਤੇ ਲੱਖਾਂ ਲੋਕ ਬਚਾਏ।’’ ਚੇਤੇ ਰਹੇ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 10 ਮਈ ਨੂੰ ਸੋਸ਼ਲ ਮੀਡੀਆ ’ਤੇ ਐਲਾਨ ਕੀਤਾ ਸੀ ਕਿ ਭਾਰਤ ਅਤੇ ਪਾਕਿਸਤਾਨ ਵਾਸ਼ਿੰਗਟਨ ਦੀ ਸਾਲਸੀ ਤੋਂ ਬਾਅਦ ‘ਜੰਗਬੰਦੀ’ ਲਈ ਸਹਿਮਤ ਹੋ ਗਏ ਹਨ। ਇਸ ਮਗਰੋਂ ਟਰੰਪ ਕਈ ਵਾਰ ਦਾਅਵਾ ਕਰ ਚੁੱਕੇ ਹਨ ਕਿ ਉਨ੍ਹਾਂ ‘ਵਪਾਰਕ ਟੈਰਿਫ’ ਦੀ ਘੁਰਕੀ ਦੇ ਕੇ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਨੂੰ ‘ਸੁਲਝਾਉਣ ਵਿੱਚ ਮਦਦ’ ਕੀਤੀ। ਭਾਰਤ ਨੇ ਕਿਸੇ ਵੀ ਤੀਜੀ-ਧਿਰ ਦੇ ਦਖਲ ਤੋਂ ਲਗਾਤਾਰ ਇਨਕਾਰ ਕੀਤਾ ਹੈ। ਸ੍ਰੀ ਸ਼ਰੀਫ਼ ਨੇ ਆਪਣੇ ਸੰਬੋਧਨ ਵਿੱਚ ਕਸ਼ਮੀਰ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਕਾਰਾਬਾਖ ਵਿੱਚ ਅਜ਼ਰਬਾਇਜਾਨ ਦੀ ਜਿੱਤ ਜ਼ੁਲਮ ਵਿਰੁੱਧ ਲੜਨ ਵਾਲੇ ਸਾਰੇ ਦੇਸ਼ਾਂ ਲਈ ਉਮੀਦ ਦੀ ਕਿਰਨ ਹੈ। -ਪੀਟੀਆਈ

