ਸਿਆਟਲ ਦੇ ‘ਸਪੇਸ ਨੀਡਲ’ ਉੱਤੇ ਤਿਰੰਗਾ ਲਹਿਰਾਇਆ
ਭਾਰਤ ਦੇ 79ਵੇਂ ਆਜ਼ਾਦੀ ਦਿਹਾੜੇ ’ਤੇ ਸਿਆਟਲ ਵਿੱਚ ਸਥਿਤ 605 ਫੁੱਟ ਉੱਚੇ ਸਪੇਸ ਨੀਡਲ ’ਤੇ ਭਾਰਤੀ ਤਿਰੰਗਾ ਲਹਿਰਾਇਆ ਗਿਆ। ਇਹ ਪਹਿਲੀ ਵਾਰ ਹੈ, ਜਦੋਂ ਕਿਸੇ ਦੂਜੇ ਦੇਸ਼ ਦਾ ਕੌਮੀ ਝੰਡਾ ਇਸ ਵੱਕਾਰੀ ਅਮਰੀਕੀ ਸਥਾਨ ’ਤੇ ਲਹਿਰਾਇਆ ਗਿਆ ਹੈ।
ਸਿਆਟਲ ਵਿੱਚ ਭਾਰਤ ਦੇ ਕੌਂਸੁਲ ਜਨਰਲ ਪ੍ਰਕਾਸ਼ ਗੁਪਤਾ, ਸਿਆਟਲ ਦੇ ਮੇਅਰ ਬਰੂਸ ਹੈਰੇਲ ਅਤੇ ਸਿਆਟਲ ਸ਼ਹਿਰ ਦੀਆਂ ਵੱਖ-ਵੱਖ ਉੱਘੀਆਂ ਸ਼ਖਸੀਅਤਾਂ ਇਸ ਇਤਿਹਾਸਕ ਮੌਕੇ ’ਤੇ ਹਾਜ਼ਰ ਸਨ। ਗੁਪਤਾ ਨੇ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਇਸ ਨਾਲੋਂ ਵੱਡਾ ਕੋਈ ਸਨਮਾਨ ਨਹੀਂ! ਸਪੇਸ ਨੀਡਲ ’ਤੇ ਤਿਰੰਗਾ ਲਹਿਰਾਉਣਾ।’’ ਉਨ੍ਹਾਂ ਸਿਆਟਲ ਦੇ ਇਸ ਸਮਾਰਕ ਦੇ ਸਿਖ਼ਰ ’ਤੇ ਤਿਰੰਗਾ ਲਹਿਰਾਉਂਦੇ ਦੀ ਇਕ ਵੀਡੀਓ ਵੀ ਸਾਂਝੀ ਕੀਤੀ ਹੈ। ਵੀਡੀਓ ਵਿੱਚ ਝੰਡੇ ਤੋਂ ਹੇਠਾਂ ਸ਼ਹਿਰ ਦਾ ਨਜ਼ਾਰਾ ਵੀ ਦਿਖ ਰਿਹਾ ਹੈ। ਭਾਰਤ ਦੇ ਕੌਂਸੁਲ ਜਨਰਲ ਨੇ ਇਸ ਨੂੰ ਇਕ ਇਤਿਹਾਸਕ ਤੇ ਯਾਦਗਾਰ ਪਲ ਕਰਾਰ ਦਿੰਦਿਆਂ ਅਮਰੀਕੀ ਪ੍ਰਸ਼ਾਂਤ ਉੱਤਰ-ਪੱਛਮ ਵਿੱਚ ਇਕ ਤਕਨੀਕੀ ਹੱਬ ਵਜੋਂ ਵਿਕਸਤ ਹੋਣ ਦੇ ਸ਼ਹਿਰ ਦੇ ਸਫ਼ਰ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਦੇ ਯੋਗਦਾਨ ਦਾ ਜ਼ਿਕਰ ਕੀਤਾ।
ਬਾਅਦ ਵਿੱਚ ਭਾਰਤੀ ਕੌਂਸੁਲ ਜਨਰਲ ਨੇ ਕੈਰੀ ਪਾਰਕ ਵਿੱਚ ਇਕ ਕਮਿਊਨਿਟੀ ਸਵਾਗਤੀ ਸਮਾਰੋਹ ਵੀ ਕਰਵਾਇਆ, ਜਿਸ ਦੇ ਪਿਛੋਕੜ ਵਿੱਚ ਸਪੇਸ ਨੀਡਲ ਦੇ ਉੱਪਰ ਭਾਰਤ ਦਾ ਝੰਡਾ ਲਹਿਰਾ ਰਿਹਾ ਸੀ। ਕੌਂਸੁਲੇਟ ਨੇ ਇਕ ਪ੍ਰੈੱਸ ਬਿਆਨ ਵਿੱਚ ਦੱਸਿਆ ਕਿ ਇਸ ਇਤਿਹਾਸਕ ਦ੍ਰਿਸ਼ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰ ਮੌਜੂਦ ਸਨ। ਇਸ ਸਮਾਰੋਹ ਵਿੱਚ ਅਮਰੀਕੀ ਸੰਸਦ ਮੈਂਬਰ ਐਡਮ ਸਮਿੱਥ, ਵਾਸ਼ਿੰਗਟਨ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੈਬਰਾ ਸਟੀਫਨਜ਼, ਸਿਆਟਲ ਪੋਰਟ ਦੇ ਕਮਿਸ਼ਨਰ ਸੈਮ ਚੋ ਅਤੇ ਸਿਆਟਲ ਪਾਰਕਾਂ ਤੇ ਮਨੋਰੰਜਨ ਦੇ ਸੁਪਰਡੈਂਟ/ਡਾਇਰੈਕਟਰ ਏਪੀ ਡਿਆਜ਼ ਵੀ ਮੌਜੂਦ ਸਨ।