DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੁਰਾਣੇ ਝਗੜੇ ਤੇ ਨਫ਼ਰਤਾਂ ਪਿੱਛੇ ਛੱਡਣ ਦਾ ਸਮਾਂ: ਟਰੰਪ

ਮੱਧ ਪੂਰਬ ’ਚ ਸਦਭਾਵਨਾ ਦੇ ਨਵੇਂ ਦੌਰ ਦਾ ਸੱਦਾ; ਕੀਰਤੀ ਵਰਧਨ ਸਿੰਘ ਨੇ ਟਰੰਪ ਨਾਲ ਮੁਲਾਕਾਤ ਕੀਤੀ

  • fb
  • twitter
  • whatsapp
  • whatsapp
featured-img featured-img
ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਗਾਜ਼ਾ ਸ਼ਾਂਤੀ ਵਾਰਤਾ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿਲਦੇ ਹੋਏ। -ਫੋਟੋ: ਪੀਟੀਆਈ
Advertisement

ਰਾਸ਼ਟਰਪਤੀ ਡੋਨਲਡ ਟਰੰਪ ਨੇ ਬੀਤੇ ਦਿਨ ਗਾਜ਼ਾ ਦੇ ਭਵਿੱਖ ਬਾਰੇ ਆਲਮੀ ਸਿਖਰ ਸੰਮੇਲਨ ਦੌਰਾਨ ਮੱਧ ਪੂਰਬ ’ਚ ਸਦਭਾਵਨਾ ਦੇ ਨਵੇਂ ਦੌਰ ਦਾ ਸੱਦਾ ਦਿੱਤਾ। ਉਨ੍ਹਾਂ ਹਮਾਸ ਨਾਲ ਅਮਰੀਕਾ ਦੀ ਸਾਲਸੀ ’ਚ ਹੋਈ ਜੰਗਬੰਦੀ ਦਾ ਜਸ਼ਨ ਮਨਾਉਣ ਲਈ ਇਜ਼ਰਾਈਲ ਦਾ ਦੌਰਾ ਕੀਤਾ ਅਤੇ ਖਿੱਤੇ ’ਚ ਵੱਡੇ ਪੱਧਰ ’ਤੇ ਸ਼ਾਂਤੀ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕੀਤੀ। ਟਰੰਪ ਨੇ ਕਿਹਾ, ‘‘ਸਾਡੇ ਕੋਲ ਪੁਰਾਣੇ ਝਗੜੇ ਤੇ ਨਫਰਤਾਂ ਨੂੰ ਪਿੱਛੇ ਛੱਡਣ ਦਾ ਮੌਕਾ ਹੈ।’’ ਉਨ੍ਹਾਂ ਆਗੂਆਂ ਨੂੰ ਸੱਦਾ ਦਿੱਤਾ, ‘‘ਉਹ ਐਲਾਨ ਕਰਨ ਕਿ ਸਾਡਾ ਭਵਿੱਖ ਪਿਛਲੀਆਂ ਪੀੜ੍ਹੀਆਂ ਦੇ ਝਗੜਿਆਂ ਦੀ ਤਰ੍ਹਾਂ ਨਹੀਂ ਹੋਵੇਗਾ।’’ ਟਰੰਪ ਦੀ ਇਹ ਯਾਤਰਾ ਇਜ਼ਰਾਈਲ ਤੇ ਹਮਾਸ ਵਿਚਾਲੇ ਦੋ ਸਾਲ ਤੋਂ ਚੱਲ ਰਹੀ ਜੰਗ ਦੇ ਅੰਤ ਦੀ ਉਮੀਦ ਦਰਮਿਆਨ ਹੋ ਰਹੀ ਹੈ। ਟਰੰਪ ਨੇ ਮਿਸਰ ਸਿਖਰ ਸੰਮੇਲਨ ਤੋਂ ਇਲਾਵਾ ਯੇਰੂਸ਼ਲਮ ਦੇ ਨੈਸੇਟ ’ਚ ਵੀ ਸੰਬੋਧਨ ਕੀਤਾ। ਟਰੰਪ ਨੇ ਮਿਸਰ ਦੇ ਰਾਸ਼ਟਰਪਤੀ ਅਬਦੁਲ ਫਤਹਿ ਅਲ-ਸਿਸੀ ਦੀ ਮੌਜੂਦਗੀ ਵਿੱਚ ਕਿਹਾ, ‘‘ਸਾਰਿਆਂ ਨੇ ਕਿਹਾ ਸੀ ਕਿ ਅਜਿਹਾ ਹੋਣਾ ਸੰਭਵ ਨਹੀਂ ਹੈ ਪਰ ਇਹ ਹੋਣ ਵਾਲਾ ਹੈ ਤੇ ਇਹ ਤੁਹਾਡੀਆਂ ਅੱਖਾਂ ਸਾਹਮਣੇ ਹੋ ਰਿਹਾ ਹੈ।’’ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਵੀ ਸਮਾਗਮ ਲਈ ਸੱਦਾ ਦਿੱਤਾ ਗਿਆ ਸੀ ਪਰ ਉਨ੍ਹਾਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਇਹ ਯਹੂਦੀ ਛੁੱਟੀ ਦੇ ਬਹੁਤ ਨੇੜੇ ਹੈ।

ਭਾਰਤ ਦੇ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਸ਼ਰਮ ਅਲ ਸ਼ੇਖ ਵਿੱਚ ਗਾਜ਼ਾ ਸ਼ਾਂਤੀ ਸਿਖਰ ਸੰਮੇਲਨ ਦੌਰਾਨ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਹਿ ਅਲ-ਸੀਸੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕੀਤੀ। ਕੀਰਤੀ ਵਰਧਨ ਨੇ ‘ਐਕਸ’ ’ਤੇ ਕਿਹਾ ਕਿ ਭਾਰਤ ਮੱਧ ਪੂਰਬ ਅੰਦਰ ਸ਼ਾਂਤੀ, ਸਥਿਰਤਾ ਅਤੇ ਸਥਾਈ ਸੁਰੱਖਿਆ ਪ੍ਰਤੀ ਆਪਣੀ ਅਟੁੱਟ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।

Advertisement

ਫਲਸਤੀਨੀਆਂ ਨੇ ਕੈਦੀਆਂ ਦੀ ਰਿਹਾਈ ਦੇ ਜਸ਼ਨ ਮਨਾਏ

ਵੈਸਟ ਬੈਂਕ: ਗਾਜ਼ਾ ਜੰਗਬੰਦੀ ਸਮਝੌਤੇ ਤਹਿਤ ਜਦੋਂ ਬੀਤੇ ਦਿਨ ਦੋ ਹਜ਼ਾਰ ਕੈਦੀਆਂ ਨੂੰ ਰਿਹਾਅ ਕੀਤਾ ਗਿਆ ਤਾਂ ਫਲਸਤੀਨੀਆਂ ’ਚ ਖੁਸ਼ੀ ਦੀ ਲਹਿਰ ਦੌੜ ਗਈ। ਇਨ੍ਹਾਂ ਕੈਦੀਆਂ ਨੂੰ ਹਮਾਸ ਵੱਲੋਂ ਰਿਹਾਅ ਕੀਤੇ ਇਜ਼ਰਾਇਲੀ ਬੰਦੀਆਂ ਬਦਲੇ ਛੱਡਿਆ ਗਿਆ ਹੈ। ਇਜ਼ਰਾਇਲੀ ਕਬਜ਼ੇ ਹੇਠਲੇ ਵੈਸਟ ਬੈਂਕ ਦੇ ਬੇਤੁਨੀਆ ਤੇ ਗਾਜ਼ਾ ਦੇ ਖਾਨ ਯੂਨਿਸ ’ਚ ਵੱਡੀ ਗਿਣਤੀ ਲੋਕਾਂ ਨੇ ਰਿਹਾਅ ਕੀਤੇ ਗਏ ਕੈਦੀਆਂ ਦਾ ਨਿੱਘਾ ਸਵਾਗਤ ਕੀਤਾ।

Advertisement

Advertisement
×