ਭਾਰਤੀ ਮੂਲ ਦੀ ਮਹਿਲਾ ਸਣੇ ਤਿੰਨ ਔਰਤਾਂ ਬਰੀ
ਸਿੰਗਾਪੁਰ ਦੇ ਰਾਸ਼ਟਰਪਤੀ ਪੈਲੇਸ ਨੇਡ਼ੇ ਫਲਸਤੀਨ ਪੱਖੀ ਜਲੂਸ ਕੱਢਣ ਦਾ ਮਾਮਲਾ
ਸਿੰਗਾਪੁਰ ਦੀ ਅਦਾਲਤ ਨੇ ਭਾਰਤੀ ਮੂਲ ਦੀ ਮਹਿਲਾ ਸਣੇ ਤਿੰਨ ਔਰਤਾਂ ਨੂੰ ਰਾਸ਼ਟਰਪਤੀ ਪੈਲੇਸ ਦੇ ਆਲੇ-ਦੁਆਲੇ ਫਲਸਤੀਨ ਪੱਖੀ ਜਲੂਸ ਕੱਢਣ ਦੇ ਮਾਮਲੇ ’ਚੋਂ ਬਰੀ ਕਰ ਦਿੱਤਾ, ਕਿਉਂਕਿ ਉਹ ਇਸ ਗੱਲ ਅਣਜਾਣ ਸਨ ਕਿ ਪਬਲਿਕ ਆਰਡਰ ਐਕਟ (ਪੀ ਓ ਏ) ਤਹਿਤ ਇਸ ਮਾਰਗ ’ਤੇ ਜਾਣ ਦੀ ਪਾਬੰਦੀ ਹੈ। ਭਾਰਤੀ ਮੂਲ ਦੀ ਅੰਨਮਲਾਈ ਕੋਕਿਲਾ ਪਾਰਵਤੀ (37) ਅਤੇ ਸਿੰਗਾਪੁਰ ਦੀਆਂ ਦੋ ਔਰਤਾਂ ਨੇ ਪੀ ਓ ਏ ਤਹਿਤ ਇਸ ਦੋਸ਼ ਦਾ ਵਿਰੋਧ ਕੀਤਾ। ਉਨ੍ਹਾਂ ’ਤੇ 2 ਫਰਵਰੀ 2024 ਨੂੰ ‘ਇਸਤਾਨਾ’ (ਰਾਸ਼ਟਰਪਤੀ ਪੈਲੇਸ) ਦੇ ਆਲੇ-ਦੁਆਲੇ ਫਲਸਤੀਨ ਪੱਖੀ ਜਲੂਸ ’ਚ ਸ਼ਾਮਲ ਹੋਣ ਦਾ ਦੋਸ਼ ਸੀ। ਚੈਨਲ ਨਿਊਜ਼ ਏਸ਼ੀਆ ਦੀ ਖ਼ਬਰ ਮੁਤਾਬਕ ਇਹ ਔਰਤਾਂ ਲਗਪਗ 70 ਵਿਅਕਤੀਆਂ ਦੇ ਗਰੁੱਪ ਦਾ ਹਿੱਸਾ ਸਨ ਜੋ ਫਲਸਤੀਨ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਦਫ਼ਤਰ ’ਚ ਪੱਤਰ ਦੇਣ ਲਈ ਇਸਤਾਨਾ ਦੇ ਪਿਛਲੇ ਗੇਟ ਤੱਕ ਗਏ ਸਨ।
ਜ਼ਿਲ੍ਹਾ ਜੱਜ ਜੌਹਨ ਐੱਨਜੀ ਨੇ ਕਿਹਾ ਕਿ ਸਰਕਾਰੀ ਧਿਰ ਇਹ ਸਾਬਤ ਕਰਨ ’ਚ ਅਸਫਲ ਰਹੀ ਹੈ ਕਿ ਔਰਤਾਂ ਇਸ ਗੱਲ ਤੋਂ ਜਾਣੂ ਸਨ ਕਿ ਜਲੂਸ ਮਨਾਹੀ ਵਾਲੇ ਇਲਾਕੇ ’ਚ ਕੱਢਿਆ ਗਿਆ ਹੈ। ਅਜਿਹਾ ਇਸ ਕਰ ਕੇ ਹੋਇਆ ਕਿਉਂਕਿ ਉਥੇ ਮਨਾਹੀ ਦਾ ਕੋਈ ਸੰਕੇਤ ਬੋਰਡ ਨਹੀਂ ਲੱਗਾ ਸੀ।
ਬਰੀ ਹੋਣ ਮਗਰੋਂ ਅੰਨਾਮਲਾਈ ਨੇ ਕਿਹਾ, ‘‘ਇਹ ਅਧੂਰੀ ਜਿੱਤ ਹੈ ਅਤੇ ਸਾਡੀ ਨਾਗਰਿਕ ਆਜ਼ਾਦੀ ਦੇ ਨਾਲ-ਨਾਲ ਫਲਸਤੀਨ ਦੀ ਆਜ਼ਾਦੀ ਤੱਕ ਅਜੇ ਲੰਮਾ ਪੈਂਡਾ ਤੈਅ ਕਰਨਾ ਬਾਕੀ ਹੈ।’’