ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਰੂਸੀ ਡਰੋਨ ਹਮਲਿਆਂ ਵਿੱਚ ਤਿੰਨ ਯੂਕਰੇਨੀ ਹਲਾਕ

64 ਹੋਰ ਜ਼ਖ਼ਮੀ; ਅੱਗ ਬੁਝਾਉਣ ਅਤੇ ਬਿਜਲੀ-ਪਾਣੀ ਸਪਲਾਈ ਬਹਾਲ ਕਰਨ ’ਚ ਲੱਗੀਆਂ ਰਹੀਆਂ ਟੀਮਾਂ
ਯੂਕਰੇਨ ਦੇ ਉਡੇਸਾ ਖੇਤਰ ਵਿੱਚ ਰੂਸੀ ਹਮਲੇ ਕਾਰਨ ਇਕ ਢਾਂਚੇ ਨੂੰ ਲੱਗੀ ਅੱਗ ’ਤੇ ਕਾਬੂ ਪਾਉਂਦੇ ਹੋਏ ਐਮਰਜੈਂਸੀ ਸੇਵਾਵਾਂ ਦੇ ਮੁਲਾਜ਼ਮ। -ਫੋਟੋ: ਏਪੀ
Advertisement

ਕੀਵ, 11 ਜੂਨ

ਰੂਸ ਨੇ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਯੂਕਰੇਨ ਵਿੱਚ ਵੱਡੀ ਪੱਧਰ ’ਤੇ ਡਰੋਨ ਹਮਲੇ ਕੀਤੇ। ਇਨ੍ਹਾਂ ਹਮਲਿਆਂ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 64 ਜ਼ਖ਼ਮੀ ਹੋ ਗਏ। ਖਾਰਕੀਵ ਦੇ ਮੇਅਰ ਇਗੋਰ ਤੇਰੇਖੋਵ ਨੇ ਦੱਸਿਆ ਕਿ ਰੂਸੀ ਹਮਲਿਆਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ’ਚੋਂ ਇਕ ਉੱਤਰ-ਪੂਰਬੀ ਯੂਕਰੇਨ ਵਿੱਚ ਸਥਿਤ ਉਨ੍ਹਾਂ ਦਾ ਸ਼ਹਿਰ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਦੋ ਰਿਹਾਇਸ਼ੀ ਜ਼ਿਲ੍ਹਿਆਂ ’ਤੇ ਰੂਸ ਨੇ 17 ਡਰੋਨ ਹਮਲੇ ਕੀਤੇ। ਤੇਰੇਖੋਵ ਮੁਤਾਬਕ ਐਮਰਜੈਂਸੀ ਟੀਮਾਂ, ਮਿਉਂਸਿਪਲ ਵਰਕਰ ਅਤੇ ਵਾਲੰਟੀਅਰ ਸਾਰੀ ਰਾਤ ਅੱਗ ਬੁਝਾਉਣ, ਸੜਦੇ ਹੋਏ ਘਰਾਂ ’ਚੋਂ ਨਾਗਰਿਕਾਂ ਨੂੰ ਬਚਾਉਣ ਅਤੇ ਗੈਸ, ਬਿਜਲੀ ਤੇ ਪਾਣੀ ਦੀਆਂ ਸੇਵਾਵਾਂ ਬਹਾਲ ਕਰਨ ਲਈ ਕੰਮ ਕਰਦੇ ਰਹੇ। ਉਨ੍ਹਾਂ ਟੈਲੀਗ੍ਰਾਮ ’ਤੇ ਲਿਖਿਆ, ‘‘ਇਹ ਆਮ ਆਬਾਦੀ ਵਾਲੇ ਇਲਾਕੇ ਹਨ, ਜਿਨ੍ਹਾਂ ਨੂੰ ਕਦੇ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ ਸੀ।’’ ਸਥਾਨਕ ਪ੍ਰਸ਼ਾਸਨ ਦੇ ਮੁਖੀ ਓਲੇਹ ਸਿਨੀਹੁਬੋਵ ਮੁਤਾਬਕ ਤਿੰਨ ਵਿਅਕਤੀਆਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਬਿਆਨ ਜਾਰੀ ਕਰ ਕੇ ਦੱਸਿਆ ਕਿ ਰੂਸੀ ਹਮਲੇ ਵਿੱਚ 64 ਵਿਅਕਤੀ ਜ਼ਖ਼ਮੀ ਹੋਏ ਹਨ। ਉਨ੍ਹਾਂ ਰੂਸ ’ਤੇ ਵਧੇਰੇ ਕੌਮਾਂਤਰੀ ਦਬਾਅ ਪਾਉਣ ਦੀ ਅਪੀਲ ਦੁਹਰਾਈ। -ਏਪੀ

Advertisement

 

ਰੂਸ ਨੇ 1212 ਯੂਕਰੇਨੀ ਜਵਾਨਾਂ ਦੀਆਂ ਲਾਸ਼ਾਂ ਮੋੜੀਆਂ

ਮਾਸਕੋ: ਰੂਸ ਨੇ 1212 ਜਵਾਨਾਂ ਦੀਆਂ ਲਾਸ਼ਾਂ ਅੱਜ ਯੂਕਰੇਨ ਨੂੰ ਮੋੜ ਦਿੱਤੀਆਂ ਜਿਸ ਦੇ ਬਦਲੇ ਯੂਕਰੇਨ ਨੇ ਰੂਸ ਨੂੰ 27 ਜਵਾਨਾਂ ਦੀਆਂ ਲਾਸ਼ਾਂ ਸੌਂਪੀਆਂ ਹਨ। ਦੋਵਾਂ ਮੁਲਕਾਂ ਵਿਚਾਲੇ ਲਾਸ਼ਾਂ ਦਾ ਇਹ ਵਟਾਂਦਰਾ ਇਸਤਾਂਬੁਲ ਵਿੱਚ ਹੋਏ ਸਮਝੌਤੇ ਤਹਿਤ ਸ਼ੁਰੂ ਹੋਇਆ ਹੈ। ਦੋਵਾਂ ਮੁਲਕਾਂ ਵਿਚਾਲੇ ਇਸਤਾਂਬੁਲ ਵਿੱਚ 2 ਜੂਨ ਨੂੰ ਦੂਜੇ ਗੇੜ ਦੀ ਗੱਲਬਾਤ ਹੋਈ ਸੀ।

Advertisement