ਯੂ ਬੀ ਸੀ ਕਤਲ ਕਾਂਡ ਦੇ ਤਿੰਨ ਦੋਸ਼ੀਆਂ ਨੂੰ ਉਮਰ ਕੈਦ
ਦੋਸ਼ੀਆਂ ’ਚ ਇੱਕ ਗੋਰਾ ਸ਼ਾਮਲ; 2022 ’ਚ ਹੋਇਆ ਸੀ ਵਿਸ਼ਾਲ ਵਾਲੀਆ ਦਾ ਕਤਲ
ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਨੇ ਤਿੰਨ ਸਾਲ ਪਹਿਲਾਂ ਪੰਜਾਬੀ ਨੌਜਵਾਨ ਵਿਸ਼ਾਲ ਵਾਲੀਆ ਨੂੰ ਯੂ ਬੀ ਸੀ ਕੈਂਪਸ ਵਿੱਚ ਗੋਲੀਆਂ ਨਾਲ ਮਾਰਨ ਵਾਲੇ ਤਿੰਨ ਦੋਸ਼ੀਆਂ ਬਲਰਾਜ ਬਸਰਾ, ਇਕਬਾਲ ਕੰਗ ਤੇ ਉਨ੍ਹਾਂ ਦੇ ਗੋਰੇ ਦੋਸਤ ਬਪਤਿਸਤੇ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਹੈ। ਤਿੰਨਾਂ ਵੱਲੋਂ ਜੁਰਮ ਦਾ ਇਕਬਾਲ ਕਰਨ ਦੇ ਬਾਵਜੂਦ ਜੱਜ ਨੇ ਦੋਸ਼ੀਆਂ ਦਾ ਲਿਹਾਜ਼ ਨਹੀਂ ਕੀਤਾ। ਵਾਰਦਾਤ ਮਗਰੋਂ ਹਿੰਸਕ ਢੰਗ ਅਪਣਾਉਣ ਬਦਲੇ ਤਿੰਨਾਂ ਨੂੰ 5-5 ਸਾਲ ਵੱਖਰੀ ਕੈਦ ਸੁਣਾਈ ਗਈ ਹੈ। ਇਕਬਾਲ ਕੰਗ ਤੇ ਬਪਤਿਸਤੇ ਨੂੰ ਤਾਂ 17 ਸਾਲਾਂ ਮਗਰੋਂ ਪੈਰੋਲ ਮਿਲ ਜਾਏਗੀ ਪਰ ਬਲਰਾਜ ਬਸਰਾ ਲਗਾਤਾਰ 25 ਸਾਲ ਜੇਲ੍ਹ ਵਿੱਚ ਕੱਟਣ ਮਗਰੋਂ ਪੈਰੋਲ ਲਈ ਅਪੀਲ ਕਰ ਸਕੇਗਾ। ਦੱਸਣਯੋਗ ਹੈ ਕਿ ਵਿਸ਼ਾਲ ਵਾਲੀਆ ਇਨ੍ਹਾਂ ਦਾ ਦੋਸਤ ਸੀ ਪਰ ਕਿਸੇ ਗੱਲੋਂ ਵਿਗਾੜ ਪੈਣ ਕਾਰਨ ਉਨ੍ਹਾਂ ਨੇ ਉਸ ਨੂੰ 17 ਅਕਤੂਬਰ 2022 ਨੂੰ ਯੂ ਬੀ ਸੀ ਕੈਂਪਸ ’ਚ ਲਿਜਾ ਕੇ ਕਤਲ ਕਰ ਦਿੱਤਾ ਸੀ।ਕਤਲ ਦੀ ਜਾਂਚ ਟੀਮ ਦੇ ਸਾਰਜੈਂਟ ਫਰੈਂਡਾ ਫੋਗ ਨੇ ਦੱਸਿਆ ਕਿ ਦੋਸ਼ੀਆਂ ਨੇ ਵਿਸ਼ਾਲ ਵਾਲੀਆ ਦੇ ਕਤਲ ਮਗਰੋਂ ਸਬੂਤ ਮਿਟਾਉਣ ਦੀ ਕੋਸ਼ਿਸ਼ ਤਹਿਤ ਆਪਣੇ ਵਾਹਨ ਨੂੰ ਅੱਗ ਲਾਈ ਅਤੇ ਕਿਸੇ ਦਾ ਵਾਹਨ ਖੋਹ ਕੇ ਤੇਜ਼ ਰਫਤਾਰ ਨਾਲ ਫਰਾਰ ਹੁੰਦਿਆਂ ਟੱਕਰਾਂ ਮਾਰ ਕੇ ਕਈਆਂ ਦੀ ਜਾਨ ਖ਼ਤਰੇ ’ਚ ਪਾਈ। ਵਾਹਨ ਰੁਕਣ ਮਗਰੋਂ ਰਿਚਮੰਡ ਪੁਲੀਸ ਨੇ ਤਿੰਨਾਂ ਨੂੰ ਫੜ ਲਿਆ ਤੇ ਉਦੋਂ ਤੋਂ ਉਹ ਜੇਲ੍ਹ ’ਚ ਬੰਦ ਸਨ।

