DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਾਜ਼ਾ ’ਚ ਮੌਤਾਂ ਦੀ ਗਿਣਤੀ 8 ਹਜ਼ਾਰ ਤੋਂ ਪਾਰ

ਇਜ਼ਰਾਈਲ ਮੁਤਾਬਕ ਹਮਾਸ ਦੇ ਸੈਂਕੜੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ
  • fb
  • twitter
  • whatsapp
  • whatsapp
featured-img featured-img
ਗਾਜ਼ਾ ਪੱਟੀ ਦੀ ਹੱਦ ਦੇ ਅੰਦਰ ਘੁੰਮਦੇ ਹੋਏ ਇਜ਼ਰਾਇਲੀ ਟੈਂਕ। -ਫੋਟੋ: ਰਾਇਟਰਜ਼
Advertisement

ਦੀਰ ਅਲ ਬਲਾਹ (ਗਾਜ਼ਾ ਪੱਟੀ), 29 ਅਕਤੂਬਰ

ਇਜ਼ਰਾਈਲ ਤੇ ਹਮਾਸ ਦਰਮਿਆਨ ਜਾਰੀ ਜੰਗ ਦੌਰਾਨ ਹੁਣ ਹੋਰ ਇਜ਼ਰਾਇਲੀ ਟੈਂਕ ਤੇ ਹਥਿਆਰਬੰਦ ਸੈਨਾ ਗਾਜ਼ਾ ਵਾਲੇ ਪਾਸੇ ਭੇਜੀ ਜਾ ਰਹੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਨੇ ਜੰਗ ਦੇ ‘ਦੂਜੇ ਗੇੜ’ ਦਾ ਐਲਾਨ ਕਰ ਦਿੱਤਾ ਹੈ। ਦੂਜੇ ਗੇੜ ਦਾ ਮੰਤਵ ਹਮਾਸ ਦੀ ਸਰਕਾਰੀ ਤੇ ਫੌਜੀ ਸਮਰੱਥਾ ਨੂੰ ਖ਼ਤਮ ਕਰਨਾ ਅਤੇ ਬੰਧਕਾਂ ਨੂੰ ਘਰ ਲਿਆਉਣਾ ਹੈ।’ ਸੱਤ ਅਕਤੂਬਰ ਨੂੰ ਹਮਾਸ ਵੱਲੋਂ ਕੀਤੇ ਹਮਲੇ ਲਈ ਇਜ਼ਰਾਇਲੀ ਸੁਰੱਖਿਆ ਬਲਾਂ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਬਾਅਦ ਅੱਜ ਨੇਤਨਯਾਹੂ ਨੇ ਮੁਆਫੀ ਵੀ ਮੰਗੀ ਹੈ। ਉਨ੍ਹਾਂ ਨੂੰ ਇਸ ਬਿਆਨ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਇਜ਼ਰਾਇਲੀ ਸੈਨਾ ਦਾ ਕਹਿਣਾ ਹੈ ਕਿ ਉਨ੍ਹਾਂ ਪਿਛਲੇ 24 ਘੰਟਿਆਂ ਵਿਚ ਅਤਿਵਾਦੀਆਂ ਦੇ 450 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਨ੍ਹਾਂ ਵਿਚ ਹਮਾਸ ਦੇ ਕਮਾਂਡ ਸੈਂਟਰ, ਨਿਗਰਾਨੀ ਚੌਕੀਆਂ ਤੇ ਐਂਟੀ ਟੈਂਕ ਮਿਜ਼ਾਈਲ ਪ੍ਰਣਾਲੀ ਸ਼ਾਮਲ ਹੈ। ਇਜ਼ਰਾਈਲ ਨੇ ਸ਼ਨਿਚਰਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਹੋਰ ਥਲ ਸੈਨਾ ਗਾਜ਼ਾ ਵਿਚ ਭੇਜ ਦਿੱਤੀ ਹੈ। ਇਜ਼ਰਾਈਲ ਹੁਣ ਜ਼ਮੀਨੀ ਜੰਗ ਦਾ ਘੇਰਾ ਵਧਾ ਰਿਹਾ ਹੈ। ਇਜ਼ਰਾਇਲੀ ਹਮਲਿਆਂ ਦੇ ਬਾਵਜੂਦ ਫਲਸਤੀਨੀ ਅਤਿਵਾਦੀ ਲਗਾਤਾਰ ਰਾਕੇਟ ਦਾਗ ਰਹੇ ਹਨ। ਗਾਜ਼ਾ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ 8000 ਫਲਸਤੀਨੀਆਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਜਨਿ੍ਹਾਂ ਵਿਚ ਜ਼ਿਆਦਾਤਰ ਬੱਚੇ ਅਤੇ ਔਰਤਾਂ ਹਨ। ਗਾਜ਼ਾ ਵਾਸੀਆਂ ਦਾ ਕਹਿਣਾ ਹੈ ਕਿ ਹਫ਼ਤੇ ਦੇ ਅਖ਼ੀਰਲੇ ਦਿਨਾਂ ਵਿਚ ਬਹੁਤ ਜ਼ਿਆਦਾ ਬੰਬਾਰੀ ਹੋਈ ਹੈ। ਇਸ ਕਾਰਨ ਜ਼ਿਆਦਾਤਰ ਸੰਚਾਰ ਬੰਦ ਹੋ ਗਿਆ ਸੀ। ਹਾਲਾਂਕਿ ਅੱਜ ਸਵੇਰੇ ਜ਼ਿਆਦਾਤਰ ਸੰਚਾਰ ਸੇਵਾਵਾਂ ਬਹਾਲ ਹੋ ਗਈਆਂ ਹਨ। ਗਾਜ਼ਾ ਦੇ ਸਭ ਤੋਂ ਵੱਡੇ ਸ਼ਿਫਾ ਹਸਪਤਾਲ ਨੇੜੇ ਰਹਿੰਦੇ ਲੋਕਾਂ ਨੇ ਦੱਸਿਆ ਕਿ ਸ਼ਨਿਚਰਵਾਰ ਰਾਤ ਇਜ਼ਰਾਇਲੀ ਹਵਾਈ ਹਮਲਿਆਂ ’ਚ ਹਸਪਤਾਲ ਕੰਪਲੈਕਸ ਵੀ ਨਿਸ਼ਾਨਾ ਬਣਿਆ ਹੈ। ਹਸਪਤਾਲ ਨੂੰ ਜਾਂਦੇ ਕਈ ਰਾਸਤੇ ਬੰਦ ਹੋ ਗਏ ਹਨ। ਇਜ਼ਰਾਈਲ ਨੇ ਦੋਸ਼ ਲਾਇਆ ਹੈ ਕਿ ਹਮਾਸ ਨੇ ਹਸਪਤਾਲ ਦੇ ਥੱਲੇ ਇਕ ਖੁਫ਼ੀਆ ਕਮਾਂਡ ਪੋਸਟ ਬਣਾਈ ਹੋਈ ਹੈ। ਇਸ ਹਸਪਤਾਲ ਵਿਚ ਹਜ਼ਾਰਾਂ ਲੋਕਾਂ ਨੇ ਸ਼ਰਨ ਲਈ ਹੋਈ ਹੈ। ਇਹ ਜ਼ਖ਼ਮੀਆਂ ਨਾਲ ਵੀ ਭਰਿਆ ਪਿਆ ਹੈ। ਇਸੇ ਦੌਰਾਨ ਇਜ਼ਰਾਈਲ ਸਰਕਾਰ ’ਤੇ ਹਮਾਸ ਵੱਲੋਂ 7 ਅਕਤੂਬਰ ਨੂੰ ਬੰਧਕ ਬਣਾਏ ਗਏ 230 ਜਣਿਆਂ ਨੂੰ ਰਿਹਾਅ ਕਰਾਉਣ ਦਾ ਦਬਾਅ ਵੀ ਵਧਦਾ ਜਾ ਰਿਹਾ ਹੈ। ਨਿਰਾਸ਼ ਪਰਿਵਾਰਕ ਮੈਂਬਰਾਂ ਨੇ ਸ਼ਨਿਚਰਵਾਰ ਨੇਤਨਯਾਹੂ ਨਾਲ ਮੁਲਾਕਾਤ ਕੀਤੀ ਹੈ। ਗਾਜ਼ਾ ਵਿਚ ਹਮਾਸ ਦੇ ਚੋਟੀ ਦੇ ਆਗੂ ਯੇਹੀਆ ਸਨਿਵਰ ਨੇ ਕਿਹਾ ਕਿ ਉਹ ਸਾਰੇ ਬੰਧਕਾਂ ਨੂੰ ‘ਤੁਰੰਤ ਰਿਹਾਅ ਕਰਨ’ ਲਈ ਤਿਆਰ ਹਨ, ਪਰ ਸ਼ਰਤ ਇਹ ਹੈ ਕਿ ਇਜ਼ਰਾਈਲ ਆਪਣੀਆਂ ਜੇਲ੍ਹਾਂ ਵਿਚ ਬੰਦ ਹਜ਼ਾਰਾਂ ਫਲਸਤੀਨੀਆਂ ਨੂੰ ਰਿਹਾਅ ਕਰੇ। -ਏਪੀਗਾਜ਼ਾ ਪੱਟੀ ’ਚ ਸੰਯੁਕਤ ਰਾਸ਼ਟਰ ਦੇ ਇਕ ਗੁਦਾਮ ’ਚੋਂ ਜ਼ਰੂਰਤ ਦਾ ਸਾਮਾਨ ਲੁੱਟ ਕੇ ਲਿਜਾਂਦੇ ਹੋਏ ਫਲਸਤੀਨੀ ਲੋਕ। -ਫੋਟੋ: ਰਾਇਟਰਜ਼

Advertisement

ਗਾਜ਼ਾ ਪੱਟੀ ’ਚ ਸੰਯੁਕਤ ਰਾਸ਼ਟਰ ਦੇ ਇਕ ਗੁਦਾਮ ’ਚੋਂ ਜ਼ਰੂਰਤ ਦਾ ਸਾਮਾਨ ਲੁੱਟ ਕੇ ਲਿਜਾਂਦੇ ਹੋਏ ਫਲਸਤੀਨੀ ਲੋਕ। -ਫੋਟੋ: ਰਾਇਟਰਜ਼

ਸਹਾਇਤਾ ਸਮੱਗਰੀ ਲੁੱਟ ਕੇ ਲੈ ਗਏ ਹਜ਼ਾਰਾਂ ਫਲਸਤੀਨੀ ਸ਼ਰਨਾਰਥੀ

ਫਲਸਤੀਨੀ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਦੱਸਿਆ ਕਿ ਹਜ਼ਾਰਾਂ ਲੋਕ ਅੱਜ ਗਾਜ਼ਾ ਦੇ ਸਹਾਇਤਾ ਗੁਦਾਮਾਂ ਵਿਚੋਂ ਭੋਜਨ ਤੇ ਹੋਰ ਜ਼ਰੂਰਤ ਦਾ ਸਾਮਾਨ ਲੁੱਟ ਕੇ ਲੈ ਗਏ। ਏਜੰਸੀ ਨੇ ਕਿਹਾ ਕਿ ਜਿਸ ਤਰ੍ਹਾਂ ਲੋਕ ਸਾਮਾਨ ਨੂੰ ਲੁੱਟ ਕੇ ਲੈ ਗਏ ਉਹ, ਚਿੰਤਾਜਨਕ ਹੈ ਤੇ ਇਸ ਗੱਲ ਦਾ ਸੰਕੇਤ ਹੈ ਕਿ ਇਜ਼ਰਾਈਲ ਤੇ ਗਾਜ਼ਾ ਦੇ ਹਮਾਸ ਸ਼ਾਸਕਾਂ ਦਰਮਿਆਨ ਤਿੰਨ ਹਫ਼ਤਿਆਂ ਦੀ ਜੰਗ ਤੋਂ ਬਾਅਦ ਨਾਗਰਿਕ ਪ੍ਰਬੰਧ ਤਬਾਹ ਹੋਣਾ ਸ਼ੁਰੂ ਹੋ ਗਿਆ ਹੈ। -ਏਪੀ

ਬਾਇਡਨ ਨੇ ਇਜ਼ਰਾਈਲ ਤੇ ਅਰਬ ਦੇ ਆਗੂਆਂ ਨੂੰ ‘ਟੂ-ਸਟੇਟ’ ਹੱਲ ਸੁਝਾਇਆ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਜ਼ਰਾਇਲੀ ਤੇ ਅਰਬ ਮੁਲਕਾਂ ਦੇ ਆਗੂਆਂ ਨੂੰ ਇਸ ਜੰਗ ਤੋਂ ਬਾਅਦ ਦੀ ਅਸਲੀਅਤ ਬਾਰੇ ਗਹਿਰਾਈ ਨਾਲ ਸੋਚਣ ਦਾ ਸੱਦਾ ਦਿੱਤਾ ਹੈ। ਵਾਈਟ ਹਾਊਸ ਦਾ ਕਹਿਣਾ ਹੈ ਕਿ ਬਾਇਡਨ ਨੇ ਪਿਛਲੇ ਹਫ਼ਤੇ ਬੈਂਜਾਮਨਿ ਨੇਤਨਯਾਹੂ ਨਾਲ ਹੋਈ ਫੋਨ ਕਾਲ ਉਤੇ ਉਨ੍ਹਾਂ ਨੂੰ ਇਹ ਸੁਨੇਹਾ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਨੇ ਦੋ ਵੱਖ-ਵੱਖ ਮੁਲਕ ਬਣਾਉਣ (ਟੂ-ਸਟੇਟ ਸਲਿਊਸ਼ਨ) ਦੀ ਗੱਲ ਕੀਤੀ ਹੈ ਜਿਸ ਉਤੇ ਲੰਮੇ ਸਮੇਂ ਤੋਂ ਵਿਚਾਰ ਹੋ ਰਿਹਾ ਹੈ। ਇਸ ਤਰ੍ਹਾਂ ਦੀ ਸਥਿਤੀ ਵਿਚ ਇਜ਼ਰਾਈਲ ਇਕ ਆਜ਼ਾਦਾਨਾ ਫਲਸਤੀਨੀ ਮੁਲਕ ਨਾਲ ਹੋਂਦ ਵਿਚ ਆ ਸਕਦਾ ਹੈ। ਬਾਇਡਨ ਨੇ ਕਿਹਾ ਹੈ ਕਿ ਜੰਗ ਖ਼ਤਮ ਹੋਣ ਮਗਰੋਂ ਅਗਲੇ ਕਦਮਾਂ ਦੀ ਰੂਪ-ਰੇਖਾ ਤੈਅ ਹੋਣੀ ਚਾਹੀਦੀ ਹੈ। -ਏਪੀ

ਮੋਦੀ ਤੇ ਅਲ-ਸਿਸੀ ਵੱਲੋਂ ਜਲਦੀ ਸ਼ਾਂਤੀ ਬਹਾਲੀ ’ਤੇ ਜ਼ੋਰ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸਿਸੀ ਨਾਲ ਇਜ਼ਰਾਈਲ-ਹਮਾਸ ਦੀ ਜੰਗ ਦੇ ਮੱਦੇਨਜ਼ਰ ਖੇਤਰ ਦੀ ਵਿਗੜਦੀ ਸੁਰੱਖਿਆ ਤੇ ਮਨੁੱਖੀ ਸਥਿਤੀ ਉਤੇ ਚਰਚਾ ਕੀਤੀ ਹੈ। ਦੋਵਾਂ ਆਗੂਆਂ ਵਿਚਾਲੇ ਸ਼ਨਿਚਰਵਾਰ ਰਾਤ ਫੋਨ ਉਤੇ ਗੱਲਬਾਤ ਹੋਈ ਹੈ। ਉਨ੍ਹਾਂ ਗੱਲਬਾਤ ਦੌਰਾਨ ਖੇਤਰ ਵਿਚ ਸ਼ਾਂਤੀ ਤੇ ਸਥਿਰਤਾ ਦੀ ਜਲਦੀ ਬਹਾਲੀ ਉਤੇ ਜ਼ੋਰ ਦਿੱਤਾ ਹੈ। ਫੋਨ ਉਤੇ ਹੋਈ ਗੱਲਬਾਤ ’ਚ ਦੋਵਾਂ ਨੇ ਅਤਿਵਾਦ, ਹਿੰਸਾ ਤੇ ਮੌਤਾਂ ਉਤੇ ਚਿੰਤਾ ਜ਼ਾਹਿਰ ਕਰਦਿਆਂ ਲੋੜਵੰਦਾਂ ਦੀ ਮਦਦ ਕਰਨ ਦਾ ਸੱਦਾ ਦਿੱਤਾ ਹੈ। ਮੋਦੀ ਤੇ ਅਲ ਸਿਸੀ ਨੇ ਵਰਤਮਾਨ ਸਥਿਤੀ ਦੇ ਪੱਛਮੀ ਏਸ਼ੀਆ ਤੇ ਸੰਸਾਰ ਉਤੇ ਪੈਣ ਵਾਲੇ ਅਸਰਾਂ ’ਤੇ ਵੀ ਚਰਚਾ ਕੀਤੀ ਹੈ। ਦੱਸਣਯੋਗ ਹੈ ਕਿ ਟਕਰਾਅ ਦੇ ਮੱਦੇਨਜ਼ਰ ਮੋਦੀ ਇਸ ਤੋਂ ਪਹਿਲਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਤੇ ਫਲਸਤੀਨੀ ਅਥਾਰਿਟੀ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਵੀ ਫੋਨ ’ਤੇ ਗੱਲਬਾਤ ਕਰ ਚੁੱਕੇ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਜ਼ਰਾਈਲ-ਫਲਸਤੀਨ ਮੁੱਦੇ ਉਤੇ ਭਾਰਤ ਦੇ ਸਿਧਾਂਤਕ ਰੁਖ਼ ਨੂੰ ਵੀ ਦੁਹਰਾਇਆ ਜੋ ਲੰਮੇ ਸਮੇਂ ਤੋਂ ਕਾਇਮ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਫਲਸਤੀਨ ਦੇ ਲੋਕਾਂ ਲਈ ਭਾਰਤ ਵੱਲੋਂ ਭੇਜੀ ਗਈ ਮਦਦ ਬਾਰੇ ਵੀ ਮਿਸਰ ਦੇ ਰਾਸ਼ਟਰਪਤੀ ਨੂੰ ਜਾਣੂ ਕਰਾਇਆ। ਜ਼ਿਕਰਯੋਗ ਹੈ ਕਿ ਭਾਰਤ ਨੇ 22 ਅਕਤੂਬਰ ਨੂੰ ਫਲਸਤੀਨ ਦੇ ਲੋਕਾਂ ਲਈ 38 ਟਨ ਰਾਹਤ ਸਮੱਗਰੀ ਭੇਜੀ ਸੀ ਜਿਸ ਵਿਚ ਦਵਾਈਆਂ ਤੇ ਮੈਡੀਕਲ ਉਪਕਰਨ ਸ਼ਾਮਲ ਹਨ। ਦੋਵਾਂ ਆਗੂਆਂ ਦੀ ਗੱਲਬਾਤ ਬਾਰੇ ਮਿਸਰ ਵੱਲੋਂ ਵੀ ਬਿਆਨ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਤੇ ਅਲ-ਸਿਸੀ ਨੇ ਗਾਜ਼ਾ ਦੇ ਤਾਜ਼ਾ ਹਾਲਾਤਾਂ ਉਤੇ ਚਰਚਾ ਕੀਤੀ ਹੈ। ਉਨ੍ਹਾਂ ਇਸ ਟਕਰਾਅ ਦੇ ਨਾਗਰਿਕਾਂ ’ਤੇ ਪੈਣ ਵਾਲੇ ਅਸਰਾਂ ’ਤੇ ਵੀ ਵਿਚਾਰ ਕੀਤਾ। ਅਲ-ਸਿਸੀ ਨੇ ਕੂਟਨੀਤਕ ਪੱਧਰ ਉਤੇ ਮਸਲੇ ਦਾ ਜਲਦੀ ਹੱਲ ਖੋਜਣ ਲਈ ਏਕੀਕ੍ਰਿਤ ਕੌਮਾਂਤਰੀ ਕਾਰਵਾਈ ਦੀ ਲੋੜ ਉਤੇ ਜ਼ੋਰ ਦਿੱਤਾ, ਜੋ ਜਾਨਾਂ ਬਚਾਉਣ ਲਈ ਅਹਿਮ ਸਾਬਿਤ ਹੋਵੇ। ਉਨ੍ਹਾਂ ਕਿਹਾ ਕਿ ਇਹ ਸੰਯੁਕਤ ਰਾਸ਼ਟਰ ਮਹਾਸਭਾ ਵਿਚ 27 ਅਕਤੂਬਰ ਨੂੰ ਮਨਜ਼ੂਰ ਕੀਤੇ ਗਏ ਮਤੇ ਮੁਤਾਬਕ ਹੋਣਾ ਚਾਹੀਦਾ ਹੈ, ਜਿਸ ਵਿਚ ਗਾਜ਼ਾ ਪੱਟੀ ਨੂੰ ਮਨੁੱਖੀ ਮਦਦ ਦੀ ਤੁਰੰਤ, ਟਿਕਾਊ ਤੇ ਬਿਨਾ ਅੜਿੱਕਾ ਪਹੁੰਚ ਯਕੀਨੀ ਬਣਾਉਣ ਦੀ ਗੱਲ ਕੀਤੀ ਗਈ ਹੈ। ਬਿਆਨ ਮੁਤਾਬਕ ਰਾਸ਼ਟਰਪਤੀ ਅਲ ਸਿਸੀ ਤੇ ਪ੍ਰਧਾਨ ਮੰਤਰੀ ਮੋਦੀ ਨੇ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧ ਅਤੇ ਰਣਨੀਤਕ ਭਾਈਵਾਲੀ ਹੋਰ ਮਜ਼ਬੂਤ ਹੋਣ ’ਤੇ ਤਸੱਲੀ ਜ਼ਾਹਿਰ ਕੀਤੀ। -ਪੀਟੀਆਈ

ਮਿਸਰ ਵੱਲੋਂ ਗੋਲੀਬੰਦੀ ਲਈ ਖੇਤਰੀ ਤੇ ਕੌਮਾਂਤਰੀ ਪੱਧਰ ’ਤੇ ਯਤਨ ਜਾਰੀ

ਮਿਸਰੀ ਰਾਸ਼ਟਰਪਤੀ ਦੇ ਬੁਲਾਰੇ ਅਹਿਮਦ ਫਾਹਮੀ ਨੇ ਦੱਸਿਆ ਕਿ ਰਾਸ਼ਟਰਪਤੀ ਅਲ-ਸਿਸੀ ਨੇ ਪੁਸ਼ਟੀ ਕੀਤੀ ਹੈ ਕਿ ਮਿਸਰ ਗੋਲੀਬੰਦੀ ਕਰਾਉਣ ਲਈ ਖੇਤਰੀ ਤੇ ਕੌਮਾਂਤਰੀ ਪੱਧਰ ਉਤੇ ਤਾਲਮੇਲ ਬਣਾਉਣ ਲਈ ਯਤਨ ਕਰ ਰਿਹਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਮਿਸਰੀ ਰਾਸ਼ਟਰਪਤੀ ਨੇ ਗਾਜ਼ਾ ਪੱਟੀ ਵਿਚ ਜ਼ਮੀਨੀ ਹਮਲੇ ਦੇ ਗੰਭੀਰ ਮਨੁੱਖੀ ਤੇ ਸੁਰੱਖਿਆ ਸਿੱਟਿਆਂ ਬਾਰੇ ਚਿਤਾਵਨੀ ਵੀ ਦਿੱਤੀ ਹੈ। -ਪੀਟੀਆਈ

Advertisement
×