DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਈਏਈਏ ਨਾਲ ਗੱਲਬਾਤ ਤਕਨੀਕੀ ਤੇ ਗੁੰਝਲਦਾਰ ਹੋਵੇਗੀ: ਇਰਾਨ

ਦੇਸ਼ ਦੇ ਪਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਸਬੰਧੀ ਪ੍ਰਤੀਕਿਰਿਆ ਨਾ ਦੇਣ ’ਤੇ ਪਰਮਾਣੂ ਨਿਗਰਾਨ ਸੰਸਥਾ ਦੀ ਆਲੋਚਨਾ ਕੀਤੀ
  • fb
  • twitter
  • whatsapp
  • whatsapp
Advertisement
ਇਰਾਨ ਅਤੇ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ (ਆਈਏਈਏ) ਦਰਮਿਆਨ ਗੱਲਬਾਤ ਤਕਨੀਕੀ ਅਤੇ ਗੁੰਝਲਦਾਰ ਹੋਵੇਗੀ। ਇਹ ਗੱਲ ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਪਰਮਾਣੂ ਨਿਗਰਾਨ ਸੰਸਥਾ ਦੇ ਦੌਰੇ ਤੋਂ ਪਹਿਲਾਂ ਕਹੀ। ਤਹਿਰਾਨ ਵੱਲੋਂ ਪਿਛਲੇ ਮਹੀਨੇ ਸੰਸਥਾ ਨਾਲ ਸਬੰਧ ਤੋੜੇ ਜਾਣ ਤੋਂ ਬਾਅਦ ਆਈਏਈਏ ਦਾ ਇਹ ਪਹਿਲਾ ਇਰਾਨ ਦੌਰਾ ਹੈ।ਦੋਹਾਂ ਵਿਚਾਲੇ ਸਬੰਧ ਉਦੋਂ ਖ਼ਰਾਬ ਹੋ ਗਏ ਸਨ ਜਦੋਂ ਜੂਨ ਵਿੱਚ ਇਜ਼ਰਾਈਲ ਅਤੇ ਅਮਰੀਕਾ ਵੱਲੋਂ 12 ਦਿਨਾਂ ਦੀ ਹਵਾਈ ਜੰਗ ਛੇੜੀ ਗਈ ਸੀ, ਜਿਸ ਤਹਿਤ ਇਰਾਨ ਦੇ ਮੁੱਖ ਪਰਮਾਣੂ ਟਿਕਾਣਿਆਂ ’ਤੇ ਬੰਬਾਰੀ ਕੀਤੀ ਗਈ ਸੀ। ਆਈਏਈਏ ਬੋਰਡ ਨੇ 12 ਜੂਨ ਨੂੰ ਕਿਹਾ ਸੀ ਕਿ ਇਰਾਨ ਨੇ ਆਪਣੀਆਂ ਗੈਰ-ਪਸਾਰ ਜ਼ਿੰਮੇਵਾਰੀਆਂ ਦੀ ਉਲੰਘਣਾ ਕੀਤੀ ਹੈ। ਆਈਏਈਏ ਨੇ ਇਹ ਗੱਲ ਇਰਾਨ ’ਤੇ ਇਜ਼ਰਾਈਲ ਦੇ ਹਵਾਈ ਹਮਲਿਆਂ ਤੋਂ ਇੱਕ ਦਿਨ ਪਹਿਲਾਂ ਕਹੀ ਸੀ ਪਰ ਇਰਾਨ ’ਤੇ ਇਜ਼ਰਾਈਲ ਵੱਲੋਂ ਹਮਲੇ ਕੀਤੇ ਜਾਣ ਮਗਰੋਂ ਜੰਗ ਸ਼ੁਰੂ ਹੋ ਗਈ ਸੀ।

ਆਈਏਈਏ ਨੇ ਤੁਰੰਤ ਏਜੰਸੀ ਦੇ ਉਪ ਮੁਖੀ ਦੇ ਦੌਰੇ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ। ਇਸ ਦੌਰੇ ਦੌਰਾਨ ਇਰਾਨ ਦੇ ਪਰਮਾਣੂ ਟਿਕਾਣਿਆਂ ਦਾ ਕੋਈ ਯੋਜਨਾਬੱਧ ਦੌਰਾ ਨਹੀਂ ਕੀਤਾ ਜਾਵੇਗਾ। ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਇਸਮਾਈਲ ਬਘੇਈ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਆਈਏਈਏ ਦੇ ਉਪ ਮੁਖੀ ਦੀ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨਾਲ ਮੁਲਾਕਾਤ ਹੋ ਸਕਦੀ ਹੈ, ਪਰ ਇਹ ਭਵਿੱਖਬਾਣੀ ਕਰਨਾ ਜਲਦਬਾਜ਼ੀ ਹੋਵੇਗੀ ਕਿ ਗੱਲਬਾਤ ਦੇ ਨਤੀਜੇ ਕੀ ਨਿਕਲਣਗੇ, ਕਿਉਂਕਿ ਇਹ ਤਕਨੀਕੀ ਅਤੇ ਗੁੰਝਲਦਾਰ ਗੱਲਬਾਤ ਹੈ।’’ ਬਘੇਈ ਨੇ ਜੂਨ ਵਿੱਚ ਇਜ਼ਰਾਈਲ ਨਾਲ ਹੋਈ ਜੰਗ ਦੌਰਾਨ ਆਈਏਈਏ ਦੀ ‘ਵਿਲੱਖਣ ਸਥਿਤੀ’ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, ‘‘ਇੱਕ ਦੇਸ਼ ਦੀਆਂ ਸ਼ਾਂਤੀਪੂਰਨ ਸਹੂਲਤਾਂ, ਜੋ ਕਿ 24 ਘੰਟੇ ਨਿਗਰਾਨੀ ਹੇਠ ਸਨ, ਨੂੰ ਨਿਸ਼ਾਨਾ ਬਣਾਇਆ ਗਿਆ ਪਰ ਨਿਗਰਾਨ ਏਜੰਸੀ ਨੇ ਇਸ ਬਾਰੇ ਪ੍ਰਤੀਕਿਰਿਆ ਦੇਣ ਤੋਂ ਗੁਰੇਜ਼ ਕੀਤਾ ਅਤੇ ਇਸ ਦੀ ਨਿਖੇਧੀ ਤੱਕ ਨਹੀਂ ਕੀਤੀ ਜਿਵੇਂ ਕਿ ਇਸ ਤੋਂ ਆਸ ਕੀਤੀ ਜਾਂਦੀ ਸੀ।’’

Advertisement

Advertisement
×