ਸੁਨੀਤਾ ਤੇ ਵਿਲਮੋਰ ਦੀ ਤੈਅ ਸਮੇਂ ਤੋਂ ਪਹਿਲਾਂ ਹੋਵੇਗੀ ਧਰਤੀ ’ਤੇ ਵਾਪਸੀ: ਨਾਸਾ
ਨਿਊਯਾਰਕ, 12 ਫਰਵਰੀ
ਨਾਸਾ ਅਤੇ ‘ਸਪੇਸਐਕਸ’ ਨੇ ਪੁਲਾੜ ਵਿੱਚ ਫਸੇ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਸਮੇਤ ਦੋ ਯਾਤਰੀਆਂ ਨੂੰ ਤੈਅ ਸਮੇਂ ਤੋਂ ਪਹਿਲਾਂ ਧਰਤੀ ’ਤੇ ਲਿਆਉਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਹੈ। ਨਾਸਾ ਨੇ ਅੱਜ ਕਿਹਾ ਕਿ ਪੁਲਾੜ ਸਟੇਸ਼ਨ ’ਤੇ ਫਸੇ ਨੈਸ਼ਨਲ ਏਅਰੋਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ) ਦੇ ਦੋ ਪੁਲਾੜ ਯਾਤਰੀਆਂ ਨੂੰ ਤੈਅ ਸਮੇਂ ਤੋਂ ਥੋੜ੍ਹਾ ਪਹਿਲਾਂ ਧਰਤੀ ’ਤੇ ਵਾਪਸ ਲਿਆਂਦਾ ਜਾ ਸਕਦਾ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਕਿਹਾ ਕਿ ‘ਸਪੇਸਐਕਸ’ ਅਗਲੀ ਪੁਲਾੜ ਯਾਤਰੀ ਉਡਾਣ ਲਈ ਕੈਪਸੂਲ ਬਦਲੇਗਾ ਤਾਂ ਜੋ ਬੁੱਚ ਵਿਲਮੋਰ ਅਤੇ ਸੁਨੀਤਾ ਨੂੰ ਮਾਰਚ ਦੇ ਅਖ਼ੀਰ ਜਾਂ ਅਪਰੈਲ ਦੇ ਸ਼ੁਰੂਆਤ ਦੀ ਥਾਂ ਮਾਰਚ ਦੇ ਅੱਧ ਤੱਕ ਵਾਪਸ ਲਿਆਂਦਾ ਜਾ ਸਕੇ। ਉਹ ਅੱਠ ਮਹੀਨੇ ਤੋਂ ਵੱਧ ਸਮੇਂ ਤੋਂ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਫਸੇ ਹੋਏ ਹਨ। ਨਾਸਾ ਦੇ ਕਮਰਸ਼ੀਅਲ ਕਰਿਊ ਪ੍ਰੋਗਰਾਮ ਦੇ ਮੈਨੇਜਰ ਸਟੀਵ ਸਟਿੱਚ ਨੇ ਇੱਕ ਬਿਆਨ ਵਿੱਚ ਕਿਹਾ, “ਪੁਲਾੜ ਯਾਤਰਾ ਬਹੁਤ ਸਾਰੀਆਂ ਚੁਣੌਤੀਆਂ ਨਾਲ ਭਰੀ ਹੋਈ ਹੈ।’’
ਟੈਸਟ ਪਾਇਲਟਾਂ ਨੂੰ ਜੂਨ ਵਿੱਚ ਬੋਇੰਗ ਦੇ ਸਟਾਰਲਾਈਨਰ ਕੈਪਸੂਲ ’ਤੇ ਵਾਪਸ ਲਿਆਂਦਾ ਜਾਣਾ ਸੀ। ਪਰ ਕੈਪਸੂਲ ਨੂੰ ਪੁਲਾੜ ਸਟੇਸ਼ਨ ਤੱਕ ਪਹੁੰਚਣ ਵਿੱਚ ਇੰਨੀ ਮੁਸ਼ਕਲ ਆਈ ਕਿ ਨਾਸਾ ਨੇ ਇਸਨੂੰ ਖਾਲੀ ਵਾਪਸ ਲਿਆਉਣ ਦਾ ਫ਼ੈਸਲਾ ਕੀਤਾ।
ਇਸ ਮਗਰੋਂ ਸਪੇਸਐਕਸ ਨੇ ਹੋਰ ਤਿਆਰੀਆਂ ਦੀ ਲੋੜ ਦੇ ਮੱਦੇਨਜ਼ਰ ਨਵੇਂ ਕੈਪਸੂਲ ਨੂੰ ਭੇਜਣ ਵਿੱਚ ਦੇਰੀ ਕਰ ਦਿੱਤੀ ਜਿਸ ਕਾਰਨ ਵਿਲਮੋਰ ਅਤੇ ਵਿਲੀਅਮਜ਼ ਨੂੰ ਵਾਪਸ ਲਿਆਉਣ ਦਾ ਮਿਸ਼ਨ ਹੋਰ ਪੱਛੜ ਗਿਆ।
ਹੁਣ 12 ਮਾਰਚ ਨੂੰ ਨਵਾਂ ਕੈਪਸੂਲ ਛੱਡਿਆ ਜਾਵੇਗਾ। ਇਸ ਪੁਰਾਣੇ ਕੈਪਸੂਲ ਨੂੰ ਪਹਿਲਾਂ ਹੀ ਇੱਕ ਨਿੱਜੀ ਚਾਲਕ ਦਲ ਨੂੰ ਸੌਂਪ ਦਿੱਤਾ ਗਿਆ ਹੈ। -ਏਪੀ