ਗਾਜ਼ਾ ਦੇ ਸਭ ਤੋ ਵੱੱਡੇ ਸ਼ਹਿਰ ’ਚ ਭੁੱਖਮਰੀ
ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗ ਕਾਰਨ ਗਾਜ਼ਾ ਪੱਟੀ ਦੇ ਸਭ ਤੋਂ ਵੱਡੇ ਸ਼ਹਿਰ ਗਾਜ਼ਾ ਸਿਟੀ ਵਿੱਚ ਮਨੁੱਖਤਾਵਾਦੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਇੰਟੀਗ੍ਰੇਟਿਡ ਫੂਡ ਸਕਿਓਰਿਟੀ ਫੇਜ਼ ਕਲਾਸੀਫਿਕੇਸ਼ਨ (ਆਈਪੀਸੀ) ਨੇ ਹਾਲ ਹੀ ਵਿੱਚ ਆਪਣੀ ਰਿਪੋਰਟ ’ਚ ਦੱਸਿਆ ਕਿ ਗਾਜ਼ਾ ਸਿਟੀ ਵਿੱਚ ਭੁੱਖਮਰੀ ਫੈਲ ਚੁੱਕੀ ਹੈ। ਇਹ ਪਹਿਲੀ ਵਾਰ ਹੈ ਜਦੋਂ ਆਈਪੀਸੀ ਨੇ ਮੱਧ ਪੂਰਬ ਦੇ ਕਿਸੇ ਖੇਤਰ ਵਿੱਚ ਭੁੱਖਮਰੀ ਦੀ ਅਧਿਕਾਰਤ ਪੁਸ਼ਟੀ ਕੀਤੀ ਹੈ। ਰਿਪੋਰਟ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਜੇ ਤੁਰੰਤ ਜੰਗਬੰਦੀ ਨਾ ਹੋਈ ਅਤੇ ਲੋੜੀਂਦੀ ਸਹਾਇਤਾ ਨਾ ਪਹੁੰਚਾਈ ਗਈ ਤਾਂ ਸਤੰਬਰ ਦੇ ਅੰਤ ਤੱਕ ਗਾਜ਼ਾ ਦੀ ਇੱਕ ਤਿਹਾਈ ਆਬਾਦੀ ਨੂੰ ਭਿਆਨਕ ਭੁੱਖਮਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਭੁੱਖਮਰੀ ਦੀਆਂ ਰਿਪੋਰਟਾਂ ਨੂੰ ‘ਝੂਠ’ ਕਰਾਰ ਦਿੱਤਾ ਹੈ। ਇਜ਼ਰਾਈਲ ਦੀ ਫੌਜੀ ਏਜੰਸੀ ਸੀਓਜੀਏਟੀ ਨੇ ਵੀ ਇਸ ਰਿਪੋਰਟ ਨੂੰ ‘ਗਲਤ ਅਤੇ ਪੱਖਪਾਤੀ’ ਕਹਿ ਕੇ ਖਾਰਜ ਕਰ ਦਿੱਤਾ ਹੈ। ਦੂਜੇ ਪਾਸੇ ਸੰਯੁਕਤ ਰਾਸ਼ਟਰ ਅਤੇ ਹੋਰ ਅੰਤਰਰਾਸ਼ਟਰੀ ਸੰਗਠਨਾਂ ਦਾ ਕਹਿਣਾ ਹੈ ਕਿ ਗਾਜ਼ਾ ਵਿੱਚ ਜੋ ਸਹਾਇਤਾ ਪਹੁੰਚ ਰਹੀ ਹੈ, ਉਹ ਉੱਥੋਂ ਦੀ ਆਬਾਦੀ ਲਈ ਬਹੁਤ ਘੱਟ ਹੈ ਅਤੇ ਹਾਲਾਤ ਬਹੁਤ ਗੰਭੀਰ ਹਨ।