ਸ੍ਰੀਲੰਕਾ ਦਾ ਕੈਂਡੀ ਜ਼ਿਲ੍ਹਾ ਮਨੁੱਖੀ ਕੁਤਾਹੀਆਂ ਲਈ ਵੱਡਾ ਸਬਕ
ਬਿਨਾਂ ਯੋਜਨਾ ਦੇ ਵਸਾਈਆਂ ਬਸਤੀਆਂ ਕਾਰਨ ਕੁਦਰਤੀ ਆਫ਼ਤ ਨਾਲ ਵੱਡਾ ਨੁਕਸਾਨ
ਬੇਤਰਤੀਬ ਅਤੇ ਬਿਨਾਂ ਯੋਜਨਾ ਵਿਕਾਸ ਕਾਰਨ ਸ੍ਰੀਲੰਕਾ ਦੇ ਕੈਂਡੀ ਜ਼ਿਲ੍ਹੇ (ਸੇਲੋਨ ਦੇ ਸ਼ਾਹੀ ਰਾਜ ਦੀ ਆਖਰੀ ਸੀਟ) ਨੂੰ ਚੱਕਰਵਾਤੀ ਤੂਫ਼ਾਨ ਕਾਰਨ ਵੱਡੇ ਪੱਧਰ ’ਤੇ ਨੁਕਸਾਨ ਪੁੱਜਾ ਹੈ। ਚੱਕਰਵਾਤੀ ਤੂਫ਼ਾਨ ਦਿਤਵਾ ਕਾਰਨ ਸ੍ਰੀਲੰਕਾ ’ਚ 618 ਜਣਿਆਂ ਦੀ ਮੌਤ ਹੋਈ ਹੈ।
ਦਿਤਵਾ ਮਗਰੋਂ ਆਏ ਭਿਆਨਕ ਹੜ੍ਹ ਤੇ ਢਿੱਗਾਂ ਖਿਸਕਣ ਦੀਆਂ ਘਟਨਾਵਾਂ ਨੇ ਸ੍ਰੀਲੰਕਾ ਨੂੰ ਗੰਭੀਰ ਬੁਨਿਆਦੀ ਢਾਂਚੇ ਦੇ ਨੁਕਸਾਨ ਨਾਲ ਜੂਝਣ ਲਈ ਛੱਡ ਦਿੱਤਾ ਹੈ ਕਿਉਂਕਿ ਦੇਸ਼ ’ਚ ਆਫ਼ਤ ਆਉਣ ਤੋਂ ਹਫ਼ਤੇ ਬਾਅਦ ਵੀ ਮਲਬੇ ਹੇਠ ਦਬੇ ਲੋਕਾਂ ਦੀ ਭਾਲ ਲਈ ਮੁਹਿੰਮ ਜਾਰੀ ਹੈ। ਤਿੰਨ ਪਰਬਤ ਲੜੀਆਂ ’ਚ ਘਿਰਿਆ ਤੇ ਡੂੰਘੀ ਘਾਟੀ ’ਚ ਵਸਿਆ ਕੈਂਡੀ ਸ਼ਹਿਰ ਆਪਣੇ ਸੜਕੀ ਨੈੱਟਵਰਕ, ਬਿਜਲੀ ਤੇ ਸੰਚਾਰ ’ਚ ਅੜਿੱਕੇ ਨੂੰ ਛੱਡ ਕੇ ਸਿੱਧੇ ਨੁਕਸਾਨ ਤੋਂ ਬਚ ਗਿਆ ਪਰ ਜ਼ਿਲ੍ਹੇ ਦੇ ਬਾਹਰੀ ਇਲਾਕੇ ’ਚ ਵੱਡੀ ਤਬਾਹੀ ਮਚੀ ਹੈ। ਲੰਘੀ ਰਾਤ ਤੱਕ ਕੈਂਡੀ ਜ਼ਿਲ੍ਹੇ ’ਚ 232 ਮੌਤਾਂ ਦੀ ਪੁਸ਼ਟੀ ਹੋਈ ਸੀ। ਇੱਥੇ ਵੱਡੀ ਗਿਣਤੀ ਦਰੱਖਤ ਜੜ੍ਹੋਂ ਪੁੱਟੇ ਹੋਏ ਹਨ ਤੇ ਬਚਾਅ ਟੀਮਾਂ ਅਜੇ ਵੀ ਕੁਝ ਪਿੰਡਾਂ ਤੱਕ ਪਹੁੰਚਣ ਲਈ ਸੰਘਰਸ਼ ਕਰ ਰਹੀਆਂ ਹਨ। ਇੱਥੇ 91 ਜਣੇ ਲਾਪਤਾ ਹਨ ਅਤੇ 1800 ਮਕਾਨ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਬਿਨਾਂ ਯੋਜਨਾ ਤੇ ਬੇਤਰਤੀਬ ਬਸਤੀਆਂ ਇਸ ਨੁਕਸਾਨ ਦਾ ਕਾਰਨ ਬਣੀਆਂ ਹਨ। ਅਜਿਹਾ ਹੀ ਪਿੰਡ ਮਿਨਪੇ ਸਮੁੰਦਰ ਤਲ ਤੋਂ 145 ਫੁੱਟ ਉੱਪਰ ਸਥਿਤ ਹੈ। ਇੱਥੇ ਨੇਲੁੰਮਾਲਾ ਪਿੰਡ ਦੀ ਤ੍ਰਾਸਦੀ ਭਰੀ ਕਹਾਣੀ ਸਾਹਮਣੇ ਆਈ ਹੈ। 27 ਨਵੰਬਰ ਦੀ ਸ਼ਾਮ ਤਕਰੀਬਨ 5.30 ਵਜੇ ਨੇੜਲੀ ਪਹਾੜੀ ਤੋਂ ਵੱਡੇ ਪੱਥਰ ਡਿੱਗੇ ਜਿਸ ਨਾਲ ਪਿੰਡ ਦੇ ਸਾਰੇ 21 ਮਕਾਨ ਤੇ ਉਨ੍ਹਾਂ ’ਚ ਰਹਿੰਦੇ ਲੋਕ ਮਲਬੇ ਹੇਠ ਦਬ ਗਏ। ਇੱਥੇ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ।
ਰਾਸ਼ਟਰਪਤੀ ਅਨੁਰਾ ਕੁਮਾਰਾ ਦੀਸਾਨਾਇਕੇ ਨੇ ਬੀਤੇ ਦਿਨ ਜ਼ਿਲ੍ਹੇ ਦਾ ਦੌਰਾ ਕਰ ਕੇ ਕਿਹਾ ਸੀ ਕਿ ਭਵਿੱਖ ਵਿੱਚ ਖਤਰੇ ਵਾਲੇ ਖੇਤਰਾਂ ’ਚ ਕਿਸੇ ਵੀ ਨਿਰਮਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕੈਂਡੀ ਸਥਿਤ ਯੂਨੀਵਰਸਿਟੀ ਦੇ ਲੈਕਚਰਾਰ ਕਲੁਮ ਸਮਰਸੇਨਾ ਨੇ ਕਿਹਾ ਕਿ ਬੇਤਰਤੀਬ ਤੇ ਬਿਨਾਂ ਯੋਜਨਾ ਵਸੀਆਂ ਬਸਤੀਆਂ ਆਫ਼ਤ ਦਾ ਕਾਰਨ ਹਨ ਪਰ ਨੀਤੀਘਾੜਿਆਂ ਨੂੰ ਇਸ ’ਤੇ ਹੋਰ ਡੂੰਘਾਈ ਨਾਲ ਵਿਚਾਰ ਕਰਨ ਦੀ ਲੋੜ ਹੈ।

