ਦੱਖਣੀ ਅਫਰੀਕਾ ਦੇ ਉੱਤਰ ਵੱਲ ਪਹਾੜੀ ਇਲਾਕੇ ’ਚ ਬੱਸ ਖੱਡ ’ਚ ਡਿੱਗਣ ਕਾਰਨ ਘੱਟੋ-ਘੱਟ 42 ਵਿਅਕਤੀ ਮਾਰੇ ਗਏ। ਇਹ ਹਾਦਸਾ ਐਤਵਾਰ ਨੂੰ ਰਾਜਧਾਨੀ ਪ੍ਰੀਟੋਰੀਆ ਤੋਂ ਲਗਪਗ 400 ਕਿਲੋਮੀਟਰ (248 ਮੀਲ) ਦੂਰ ਉੱਤਰ ਵਿੱਚ ਲੂਈਸ ਟ੍ਰੀਚਰਟਡ ਕਸਬੇ ਨੇੜੇ ਐੱਨ1 ਹਾਈਵੇਅ ’ਤੇ ਵਾਪਰਿਆ।ਸੜਕ ਆਵਾਜਾਈ ਪ੍ਰਬੰਧਨ ਨਿਗਮ (ਆਰ ਟੀ ਐੱਮ ਸੀ) ਦੇ ਤਰਜਮਾਨ ਸਾਈਮਨ ਜ਼ਵਾਨੇ ਨੇ ਦੱਖਣੀ ਅਫਰੀਕਾ ਦੇ ‘ਨਿਊਜ਼24’ ਆਊਟਲੈੱਟ ਨੂੰ ਦੱਸਿਆ ਕਿ ਅਧਿਕਾਰੀਆਂ ਨੇ 42 ਲੋਕਾਂ ਦੀ ਮੌਤ ਦੀ ਪੁੁਸ਼ਟੀ ਕੀਤੀ ਹੈ। ਬੱਸ ਪਹਾੜੀ ਦੱਰੇ ਨੇੜੇ ਸੜਕ ਤੋਂ ਤਿਲਕ ਕੇ ਖੱਡ ’ਚ ਡਿੱਗ ਪਈ। ਅਧਿਕਾਰੀਆਂ ਵੱਲੋਂ ਜਾਰੀ ਤਸਵੀਰਾਂ ’ਚ ਬੱਸ ਮੂਧੀ ਪਈ ਨਜ਼ਰ ਆ ਰਹੀ ਹੈ। ਅਧਿਕਾਰੀਆਂ ਮੁਤਾਬਕ ਬੱਸ ਦੱਖਣੀ ਅਫਰੀਕਾ ਦੇ ਈਸਟਰਨ ਕੇਪ ਤੋਂ ਦੇਸ਼ ਦੇ ਦੱਖਣੀ ਹਿੱਸੇ ਵੱਲੋਂ ਜਾ ਰਹੀ ਸੀ। ਮੰਨਿਆ ਜਾ ਰਿਹਾ ਹੈ ਕਿ ਬੱਸ ਵਿੱਚ ਜ਼ਿੰਬਾਬਵੇ ਤੇ ਮਲਾਵੀ ਦੇ ਨਾਗਰਿਕ ਸਵਾਰ ਸਨ।