ਰੂਸ ਵੱਲੋਂ ਬੁੱਧਵਾਰ ਨੂੰ ਯੂਕਰੇਨ ’ਤੇ ਕੀਤੇ ਡਰੋਨ ਅਤੇ ਮਿਜ਼ਾਈਲ ਹਮਲਿਆਂ ’ਚ ਛੇ ਵਿਅਕਤੀ ਮਾਰੇ ਗਏ ਅਤੇ 18 ਹੋਰ ਜ਼ਖ਼ਮੀ ਹੋ ਗਏ। ਹਮਲਿਆਂ ’ਚ ਮੁਲਕ ਦੇ ਊਰਜਾ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ। ਕੀਵ ਪ੍ਰਸ਼ਾਸਨ ਦੇ ਮੁਖੀ ਤੈਮੂਰ ਤਕਾਚੇਂਕੋ ਨੇ ਕਿਹਾ ਕਿ ਹਮਲਿਆਂ ਮਗਰੋਂ ਦੇਸ਼ ’ਚ ਬਿਜਲੀ ਸਪਲਾਈ ਠੱਪ ਹੋ ਗਈ। ਊਰਜਾ ਮੰਤਰਾਲੇ ਨੇ ਕਿਹਾ ਕਿ ਬਿਜਲੀ ਸਪਲਾਈ ਛੇਤੀ ਤੋਂ ਛੇਤੀ ਬਹਾਲ ਕੀਤੇ ਜਾਣ ਦੇ ਯਤਨ ਕੀਤੇ ਜਾ ਰਹੇ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਇਕ ਬਿਆਨ ’ਚ ਕਿਹਾ ਕਿ ਹਮਲਿਆਂ ਤੋਂ ਸਾਬਤ ਹੁੰਦਾ ਹੈ ਕਿ ਰੂਸ ’ਤੇ ਜੰਗ ਰੋਕਣ ਦਾ ਕੋਈ ਦਬਾਅ ਨਹੀਂ ਹੈ। ਉਨ੍ਹਾਂ ਕਿਹਾ ਕਿ ਕੀਵ, ਜ਼ਾਪੋਰਿਜ਼ੀਆ, ਓਡੇਸਾ, ਚਰਨੀਹੀਵ, ਦਿਨਪ੍ਰੋਪਤਰੋਵਸਕ, ਕਿਰੋਵੋਹਰਾਦ, ਪੋਲਤਾਵਾ, ਚੇਰਕਾਸੀ ਅਤੇ ਸੂਮੀ ਸਮੇਤ ਹੋਰ ਸ਼ਹਿਰਾਂ ਵਿੱਚ ਭਾਰੀ ਨੁਕਸਾਨ ਹੋਇਆ ਹੈ। ਉਧਰ, ਯੂਕਰੇਨੀ ਫੌਜ ਨੇ ਕਿਹਾ ਕਿ ਉਨ੍ਹਾਂ ਰੂਸ ਦੇ ਬ੍ਰਿਆਂਸਕ ਖ਼ਿੱਤੇ ’ਚ ਕੈਮਿਕਲ ਪਲਾਂਟ ਨੂੰ ਨਿਸ਼ਾਨਾ ਬਣਾਇਆ। -ਏਪੀ
ਯੂਕਰੇਨ ਨੇ ਸਮੁੰਦਰ ’ਚ ਦਾਗ਼ੇ ਜਾਣ ਵਾਲਾ ਡਰੋਨ ਅਪਗ੍ਰੇਡ ਕੀਤਾ
ਯੂਕਰੇਨ ਨੇ ਸਮੁੰਦਰ ’ਚ ਦਾਗ਼ੇ ਜਾਣ ਵਾਲੇ ਡਰੋਨ ਨੂੰ ਅਪਗ੍ਰੇਡ ਕੀਤਾ ਹੈ ਜੋ ਕਾਲਾ ਸਾਗਰ ’ਚ ਕਿਤਿਉਂ ਵੀ ਦਾਗ਼ਿਆ ਜਾ ਸਕਦਾ ਹੈ। ਡਰੋਨ ਵੱਡੇ ਹਥਿਆਰ ਲਿਜਾਣ ਅਤੇ ਨਿਸ਼ਾਨੇ ਲਈ ਮਸਨੂਈ ਬੌਧਿਕਤਾ ਦੀ ਵਰਤੋਂ ਕਰਨ ਦੇ ਸਮਰੱਥ ਹੈ। ਮਾਨਵ ਰਹਿਤ ਬੇੜੇ ‘ਸੀਅ ਬੇਬੀ’ ਤੋਂ ਇਹ ਡਰੋਨ ਦਾਗ਼ੇ ਜਾ ਸਕਦੇ ਹਨ। ‘ਸੀਅ ਬੇਬੀ’ ਦੀ ਰੇਂਜ ਇਕ ਹਜ਼ਾਰ ਕਿਲੋਮੀਟਰ ਤੋਂ ਵਧਾ ਕੇ ਡੇਢ ਹਜ਼ਾਰ ਕਿਲੋਮੀਟਰ ਕਰ ਦਿੱਤੀ ਗਈ ਹੈ। ਇਹ 2 ਹਜ਼ਾਰ ਕਿਲੋਗ੍ਰਾਮ ਧਮਾਕਾਖੇਜ਼ ਸਮੱਗਰੀ ਲਿਜਾ ਸਕਦਾ ਹੈ। ਯੂਕਰੇਨ ਦੀ ਸੁਰੱਖਿਆ ਸੇਵਾ, ਜਿਸ ਨੂੰ ਐੱਸ ਬੀ ਯੂ ਵਜੋਂ ਜਾਣਿਆ ਜਾਂਦਾ ਹੈ, ਨੇ ਕਿਹਾ ਕਿ ਉਨ੍ਹਾਂ ਰੂਸ ਦੇ ਸਮੁੰਦਰ ’ਚ ਟਾਕਰੇ ਲਈ ਆਪਣੀ ਕਿਸਮ ਦਾ ਇਹ ਪਹਿਲਾ ਹਥਿਆਰ ਤਿਆਰ ਕੀਤਾ ਹੈ।