ਸਿੰਗਾਪੁਰ: ਚੋਰੀ ਦੇ ਦੋਸ਼ ਹੇਠ ਭਾਰਤੀ ਔਰਤ ਨੂੰ ਜੇਲ੍ਹ
ਸਿੰਗਾਪੁਰ: ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ ’ਤੇ ਇਸ ਮਹੀਨੇ ਦੇ ਸ਼ੁਰੂ ਵਿੱਚ ਦੁਕਾਨ ’ਚ ਚੋਰੀ ਕਰਦੀਆਂ ਫੜੀਆਂ ਦੋ ਭਾਰਤੀ ਔਰਤਾਂ ਵਿੱਚੋਂ ਇੱਕ ਨੂੰ ਅੱਠ ਦਿਨ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ, ਜਦਕਿ ਦੂਸਰੀ ਨੂੰ ਜੁਰਮਾਨਾ ਲਾਇਆ ਗਿਆ ਹੈ। ਗੋਇਨਕਾ ਸਿਮਰਨ (29) ਨੂੰ ਘਰ ਵਿੱਚ ਚੋਰੀ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਮਗਰੋਂ ਅੱਠ ਦਿਨ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਉਸ ਦੇ ਚੋਰੀ ਦੇ ਇੱਕ ਹੋਰ ਮਾਮਲੇ ਸਬੰਧੀ ਵੀ ਵਿਚਾਰ ਕੀਤਾ ਗਿਆ ਹੈ। ਅਦਾਲਤ ਨੂੰ ਦੱਸਿਆ ਗਿਆ ਕਿ ਉਹ ਸਟੋਰ ਵਿੱਚ ਦਾਖ਼ਲ ਹੋਈ। ਉਸ ਨੇ 300 ਸਿੰਗਾਪੁਰ ਡਾਲਰ ਦਾ ਪੀਲਾ ਪਰਸ ਲਿਆ ਅਤੇ ਬਿਨਾਂ ਪੈਸੇ ਦਿੱਤੇ ਸਟੋਰ ’ਚੋਂ ਨਿਕਲ ਗਈ। ਉਸ ਨੇ ਦੁਕਾਨ ਤੋਂ ਇਤਰ ਦੀ ਸ਼ੀਸ਼ੀ ਚੋਰੀ ਕਰਨ ਦੀ ਗੱਲ ਵੀ ਕਬੂਲੀ ਹੈ, ਜਿਸ ਦੀ ਕੀਮਤ 200 ਸਿੰਗਾਪੁਰ ਡਾਲਰ ਤੋਂ ਵੱਧ ਸੀ। ਇਸੇ ਤਰ੍ਹਾਂ ਗਰਗ ਪ੍ਰਸ਼ਾ (30) ਨੂੰ ਚੋਰੀ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਮਗਰੋਂ 700 ਸਿੰਗਾਪੁਰ ਡਾਲਰ ਦਾ ਜੁਰਮਾਨਾ ਲਾਇਆ ਗਿਆ। ਉਸ ’ਤੇ 80 ਸਿੰਗਾਪੁਰ ਡਾਲਰ ਤੋਂ ਵੱਧ ਕੀਮਤ ਦਾ ਬੈਗ ਚੋਰੀ ਕਰਨ ਦਾ ਦੋਸ਼ ਹੈ। -ਪੀਟੀਆਈ