ਸਿੰਗਾਪੁਰ: ਦੋ ਸਮੁੰਦਰੀ ਜਹਾਜ਼ਾਂ ਦੀ ਟੱਕਰ ਦੇ ਦੋਸ਼ ਭਾਰਤੀ ਨਾਗਰਿਕ ’ਤੇ ਲੱਗੇ
ਸਿੰਗਾਪੁਰ, 2 ਜੁਲਾਈ
ਸਿੰਗਾਪੁਰ ਦੀ ਅਦਾਲਤ ਵਿੱਚ ਅੱਜ ਮਰਚੈਂਟ ਸ਼ਿਪਿੰਗ ਐਕਟ ਤਹਿਤ ਸਾਲ ਪਹਿਲਾਂ ਹੋਈ ਦੋ ਜਹਾਜ਼ਾਂ ਦੀ ਟੱਕਰ ਦੇ ਮਾਮਲੇ ਵਿੱਚ ਭਾਰਤੀ ਨਾਗਰਿਕ ’ਤੇ ਦੋਸ਼ ਲੱਗੇ ਹਨ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਇੱਕ ਹੋਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਅਨੁਸਾਰ, 35 ਸਾਲਾ ਸੂਸਾਈ ਐਂਟਨੀ ਵੈਨਰ ਅਤੇ 40 ਸਾਲਾ ਸ੍ਰੀਲੰਕਾਈ ਵਿਕਰਮਾਗੇ ਵਿਰਾਜ ਆਮਿਲਾ ਸ਼ਵਿੰਦਾ ਪਰੇਰਾ, ਸਿੰਗਾਪੁਰ ਵਿੱਚ ਰਜਿਸਟਰਡ ਹਾਫਨੀਆ ਨਾਈਲ ਨਾਮ ਦੇ ਸਮੁੰਦਰੀ ਜਹਾਜ਼ ਦੇ ਚਾਲਕ ਦਲ ਦੇ ਮੈਂਬਰ ਸਨ। 19 ਜੁਲਾਈ 2024 ਨੂੰ ਸਵੇਰੇ ਇਸ ਜਹਾਜ਼ ਦੀ ਡੈਮੋਕਰੈਟਿਕ ਰਿਪਬਲਿਕ ਆਫ ਸਾਓ ਟੋਮ ਅਤੇ ਪ੍ਰਿੰਸਿਪੇ ਵਿੱਚ ਰਜਿਸਟਰਡ ਸੈਰੇਸ I ਨਾਲ ਟੱਕਰ ਹੋ ਗਈ ਸੀ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਚਾਰਜਸ਼ੀਟ ਮੁਤਾਬਕ, ਉਸ ਸਮੇਂ ਪਰੇਰਾ ਹਾਫਨੀਆ ਨਾਈਲ ’ਤੇ ਨੇਵੀਗੇਸ਼ਨਲ ਵਾਚ ਦਾ ਇੰਚਾਰਜ ਅਧਿਕਾਰੀ ਸੀ। ਚਾਰਜਸ਼ੀਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਵੈਨਰ ਵੀ ਨੇਵੀਗੇਸ਼ਨਲ ਡਿਊਟੀ ’ਤੇ ਤਾਇਨਾਤ ਸੀ। ਵੈਨਰ ’ਤੇ ਦੋਸ਼ ਹੈ ਕਿ ਉਸ ਨੇ ਦੇਖਿਆ ਕਿ ਹਾਫਨੀਆ ਨਾਈਲ ਸੈਰੇਸ I ਦੇ ਨੇੜੇ ਆ ਰਿਹਾ ਸੀ ਪਰ ਉਸ ਨੇ ਇਸ ਬਾਰੇ ਨੇਵੀਗੇਸ਼ਨਲ ਵਾਚ ਦੇ ਇੰਚਾਰਜ ਅਧਿਕਾਰੀ ਨੂੰ ਸੂਚਿਤ ਨਹੀਂ ਕੀਤਾ। ਉਸ ਵੱਲੋਂ ਸਹੀ ਢੰਗ ਨਾਲ ਡਿਊਟੀ ਨਾ ਕੀਤੇ ਜਾਣ ਕਰ ਕੇ ਦੋ ਟੈਂਕਰਾਂ ਦੀ ਟੱਕਰ ਹੋ ਗਈ ਸੀ।
ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਇਸ ਅਸਫ਼ਲਤਾ ਦੇ ਨਤੀਜੇ ਵਜੋਂ, ਜਹਾਜ਼ ਸੈਰੇਸ I ਨਾਲ ਟਕਰਾਅ, ਜਿਸ ਕਾਰਨ ਜਹਾਜ਼ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਇੱਕ ਹੋਰ ਜ਼ਖਮੀ ਹੋ ਗਿਆ ਸੀ। ਚੈਨਲ ਦੀ ਖ਼ਬਰ ਮੁਤਾਬਕ, ਸਿੰਗਾਪੁਰ ਦੀ ਸੁਮੰਦਰੀ ਅਤੇ ਬੰਦਰਗਾਹ ਅਥਾਰਿਟੀ ਨੇ ਦੋਹਾਂ ਵਿਅਕਤੀਆਂ ਵਿਰੁੱਧ ਮੁਕੱਦਮੇ ਚਲਾਏ ਹਨ। -ਪੀਟੀਆਈ