ਲੰਡਨ: ਬਰਤਾਨੀਆ ਦੇ ਪੂਰਬੀ ਲੰਡਨ ’ਚ 30 ਸਾਲਾ ਸਿੱਖ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਇੱਕ-ਦੂਜੇ ਦੇ ਜਾਣਕਾਰ ਲੋਕਾਂ ਵਿਚਾਲੇ ਵਾਪਰੀ ਹੈ। ਗੈਰੀ ਦੇ ਨਾਂ ਨਾਲ ਮਸ਼ਹੂਰ ਗੁਰਮੁਖ ਸਿੰਘ ਦੀ ਪਿਛਲੇ ਹਫ਼ਤੇ ਪੂਰਬੀ ਲੰਡਨ ਦੇ ਇਲਫੋਰਡ ਦੇ ਫੈਲਬ੍ਰਿਜ ਰੋਡ ’ਤੇ ਮੌਤ ਹੋ ਗਈ ਸੀ ਅਤੇ ਅੱਜ ਮੈਟਰੋਪੋਲੀਟਨ ਪੁਲੀਸ ਨੇ ਰਸਮੀ ਤੌਰ ’ਤੇ ਉਸ ਦਾ ਨਾਂ ਨਸ਼ਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਅਧਿਕਾਰੀਆਂ ਨੇ 23 ਜੁਲਾਈ ਨੂੰ ਹੋਈ ਹੱਤਿਆ ਦੇ ਸਬੰਧ ਵਿੱਚ 27 ਸਾਲਾ ਅਮਰਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ’ਤੇ ਹੱਤਿਆ ਦੇ ਮਾਮਲੇ ’ਚ ਦੋਸ਼ ਲਾਇਆ ਗਿਆ ਤੇ 5 ਜਨਵਰੀ 2026 ਨੂੰ ਮੁਕੱਦਮੇ ਲਈ ਲੰਡਨ ਦੀ ਅਦਾਲਤ ਵਿੱਚ ਪੇਸ਼ ਹੋਣ ਤੱਕ ਉਹ ਹਿਰਾਸਤ ਵਿੱਚ ਰਹੇਗਾ। ਪੁਲੀਸ ਨੇ ਦੱਸਿਆ ਕਿ ਲੰਡਨ ਐਂਬੂਲੈਂਸ ਸੇਵਾ ਨੇ ਇੱਕ ਰਿਹਾਇਸ਼ੀ ਪਤੇ ’ਤੇ ਹੋਏ ਵਿਵਾਦ ਦੀ ਰਿਪੋਰਟ ’ਤੇ ਪੁਲੀਸ ਨੂੰ ਸੱਦਿਆ ਸੀ। ਉਨ੍ਹਾਂ ਦੱਸਿਆ ਉਹ ਮੌਕੇ ’ਤੇ ਪੁੱਜੇ। ਗੈਰੀ ਦਾ ਚਾਕੂ ਵੱਜਣ ਮਗਰੋਂ ਇਲਾਜ ਚੱਲ ਰਿਹਾ ਸੀ ਅਤੇ ਅਧਿਕਾਰੀ ਮੌਕੇ ’ਤੇ ਮੌਜੂਦ ਸਨ। ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਗੈਰੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਇਸ ਮਾਮਲੇ ’ਚ ਇੱਕ 29 ਸਾਲਾ ਪੁਰਸ਼ ਤੇ ਤਿੰਨ ਮਹਿਲਾਵਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਜਾਂਚ ਜਾਰੀ ਰਹਿਣ ਤੱਕ ਇਨ੍ਹਾਂ ਸਾਰਿਆਂ ਨੂੰ ਅਕਤੂਬਰ ਤੱਕ ਜ਼ਮਾਨਤ ਦੇ ਦਿੱਤੀ ਗਈ ਹੈ। ਪੁਲੀਸ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਵਿੱਚ ਗੈਰੀ ਦੇ ਖੱਬੇ ਪੱਟ ’ਚ ਚਾਕੂ ਦੇ ਜ਼ਖ਼ਮ ਨੂੰ ਉਸ ਦੀ ਮੌਤ ਦਾ ਕਾਰਨ ਦੱਸਿਆ ਗਿਆ ਹੈ ਜਿਸ ਮਗਰੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। -ਪੀਟੀਆਈ