ਲਿਬਨਾਨ ’ਚ ਸ਼ਾਂਤੀ ਰੱਖਿਆ ਮਿਸ਼ਨ ਖ਼ਤਮ ਕਰਨ ਲਈ ਸਲਾਮਤੀ ਕੌਂਸਲ ’ਚ ਵੋਟਿੰਗ ਦਾ ਫ਼ੈਸਲਾ
ਸਲਾਮਤੀ ਕੌਂਸਲ ਨੇ ਅੱਜ ਉਸ ਮਤੇ ’ਤੇ ਵੋਟਿੰਗ ਦਾ ਸਮਾਂ ਤੈਅ ਕੀਤਾ ਹੈ ਜਿਸ ਦੇ ਪਾਸ ਹੋਣ ਨਾਲ ਦੱਖਣੀ ਲਿਬਨਾਨ ਵਿੱਚ ਸੰਯੁਕਤ ਰਾਸ਼ਟਰ ਦੀ ਸ਼ਾਂਤੀ ਰੱਖਿਆ ਫੋਰਸ ਦੀ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਮੁਹਿੰਮ 31 ਦਸੰਬਰ 2026 ਨੂੰ ਖ਼ਤਮ ਹੋ ਜਾਵੇਗੀ। ਕੌਂਸਲ ਦੇ ਦੋ ਡਿਪਲੋਮੈਟਾਂ ਨੇ ਬੁੱਧਵਾਰ ਦੇਰ ਰਾਤ ਨੂੰ ਦੱਸਿਆ ਕਿ ਅਮਰੀਕਾ, ਜੋ ਇੱਕ ਸਾਲ ਵਿੱਚ ਯੂ ਐੱਨ ਆਈ ਐੱਫ ਆਈ ਐੱਲ ਵਜੋਂ ਜਾਣੀ ਜਾਂਦੀ ਫੋਰਸ ਨੂੰ ਖ਼ਤਮ ਕਰਨ ਦੀ ਮੰਗ ਕਰ ਰਿਹਾ ਸੀ, ਨੇ ਫਰਾਂਸ ਦੇ ਮਤੇ ਦੇ ਖਰੜੇ ’ਤੇ ਕੋਈ ਇਤਰਾਜ਼ ਦਾਇਰ ਨਹੀਂ ਕੀਤਾ ਹੈ। ਇਸ ਮਤੇ ਦੇ ਖਰੜੇ ਵਿੱਚ ਯੂ ਐੱਨ ਆਈ ਐੱਫ ਆਈ ਐੱਲ ਨੂੰ ਖ਼ਤਮ ਕਰਨ ਦੀ ਅੰਤਿਮ ਤਰੀਕ 16 ਮਹੀਨਿਆਂ ਦੀ ਹੈ। ਡਿਪਲੋਮੈਟਾਂ ਨੇ ਦੱਸਿਆ ਕਿ ਇਸ ਨਾਲ ਇਹ ਸੰਕੇਤ ਮਿਲਿਆ ਹੈ ਕਿ ਮਤਾ ਮਨਜ਼ੂਰ ਹੋ ਜਾਵੇਗਾ ਪਰ ਇਹ ਸਪੱਸ਼ਟ ਨਹੀਂ ਹੈ ਕਿ ਅਮਰੀਕਾ ਇਸ ਦੇ ਹੱਕ ਵਿੱਚ ਵੋਟ ਦੇਵੇਗਾ ਜਾਂ ਗੈਰਹਾਜ਼ਰ ਰਹੇਗਾ।
ਯੂ ਐੱਨ ਆਈ ਐੱਫ ਆਈ ਐੱਲ ਨੂੰ ਇਜ਼ਰਾਈਲ ਦੇ 1978 ਦੇ ਹਮਲੇ ਤੋਂ ਬਾਅਦ ਦੱਖਣੀ ਲਿਬਨਾਨ ਤੋਂ ਇਜ਼ਰਾਇਲੀ ਫੌਜਾਂ ਦੀ ਵਾਪਸੀ ਦੀ ਨਿਗਰਾਨੀ ਕਰਨ ਲਈ ਬਣਾਇਆ ਗਿਆ ਸੀ। ਇਹ ਮਿਸ਼ਨ ਇਜ਼ਰਾਈਲ ਅਤੇ ਅਤਿਵਾਦੀ ਸਮੂਹ ਹਿਜ਼ਬੁੱਲਾ ਵਿਚਾਲੇ 2006 ਦੀ ਇਕ ਮਹੀਨਾ ਚੱਲੀ ਜੰਗ ਤੋਂ ਬਾਅਦ ਵਧਾ ਦਿੱਤਾ ਗਿਆ ਸੀ। ਮਤੇ ਨਾਲ ਯੂ ਐੱਨ ਆਈ ਐੱਫ ਆਈ ਐੱਲ ਦਾ ਕਾਰਜਕਾਲ ਖ਼ਤਮ ਹੋ ਜਾਵੇਗਾ ਅਤੇ 2026 ਦੇ ਅੰਤ ਤੱਕ ਇਸ ਦੀ ਕਾਰਵਾਈ ਬੰਦ ਹੋ ਜਾਵੇਗੀ। ਇਸ ਦੇ 10,800 ਫੌਜੀ ਤੇ ਸਿਵਲ ਕਰਮਚਾਰੀਆਂ ਤੋਂ ਇਲਾਵਾ ਸਾਜੋ-ਸਾਮਾਨ ਦੀ ਵਾਪਸੀ ਦੀ ਪ੍ਰਕਿਰਿਆ ਲਿਬਨਾਨ ਸਰਕਾਰ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਤੁਰੰਤ ਸ਼ੁਰੂ ਹੋ ਜਾਵੇਗੀ ਅਤੇ ਇੱਕ ਸਾਲ ਦੇ ਅੰਦਰ ਪੂਰੀ ਵੀ ਹੋ ਜਾਵੇਗੀ।