ਇੰਡੋਨੇਸ਼ੀਆ ’ਚ ਸਕੂਲ ਦੀ ਇਮਾਰਤ ਡਿੱਗੀ, ਤਿੰਨ ਵਿਦਿਆਰਥੀਆਂ ਦੀ ਮੌਤ
100 ਤੋਂ ਵੱਧ ਜ਼ਖ਼ਮੀ; ਮਲਬੇ ਹੇਠ ਦਬੇ ਵਿਦਿਆਰਥੀਆਂ ਨੂੰ ਆਕਸੀਜਨ ਤੇ ਪਾਣੀ ਪਹੁੰਚਾਇਆ
ਇੰਡੋਨੇਸ਼ੀਆ ਦੇ ਸਿਦੋਆਰਜੋ ਵਿੱਚ ਇਸਲਾਮਿਕ ਸਕੂਲ ਦੀ ਇਮਾਰਤ ਢਹਿਣ ਕਾਰਨ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਜ਼ਖ਼ਮੀ ਹੋ ਗਏ। ਕਈ ਹੋਰਾਂ ਦੇ ਮਲਬੇ ਹੇਠ ਦਬੇ ਹੋਣ ਦਾ ਖ਼ਦਸ਼ਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਿਦੋਆਰਜੋ ਦੇ ਪੂਰਬੀ ਜਾਵਾ ਕਸਬੇ ਵਿੱਚ ਇਸਲਾਮਿਕ ਸਕੂਲ ‘ਅਲ ਖੋਜਿਨੀ ਇਸਲਾਮਿਕ ਬੋਰਡਿੰਗ ਸਕੂਲ’ ਦੀ ਇਮਾਰਤ ਢਹਿਣ ਦੀ ਸੂਚਨਾ ਮਿਲਣ ਮਗਰੋਂ ਬਚਾਅ ਕਰਮੀ, ਪੁਲੀਸ ਅਤੇ ਫੌਜ ਦੇ ਜਵਾਨ ਪੂਰੀ ਰਾਤ ਰਾਹਤ ਤੇ ਬਚਾਅ ਕਾਰਜਾਂ ਵਿੱਚ ਜੁਟੇ ਰਹੇ। ਸਕੂਲ ਦੀ ਇਮਾਰਤ ਖਸਤਾ ਹਾਲ ਵਿੱਚ ਸੀ। ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਘਟਨਾ ਦੇ 12 ਘੰਟਿਆਂ ਤੋਂ ਵੱਧ ਸਮੇਂ ਮਗਰੋਂ ਵੀ ਵਿਦਿਆਰਥੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ ਅਤੇ ਬਚਾਅ ਕਰਮੀਆਂ ਨੇ ਵਿਦਿਆਰਥੀਆਂ ਤੱਕ ਆਕਸੀਜਨ ਅਤੇ ਪਾਣੀ ਮੁਹੱਈਆ ਕਰਵਾਇਆ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਿੱਚ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਦਸ ਤੋਂ ਵੱਧ ਜ਼ਖ਼ਮੀ ਹੋ ਗਏ। ਕਈ ਹੋਰਾਂ ਦੇ ਮਲਬੇ ਹੇਠ ਫਸੇ ਹੋਣ ਦਾ ਖ਼ਦਸ਼ਾ ਹੈ। ਢਹਿ ਚੁੱਕੇ ਢਾਂਚੇ ਵਿੱਚ ਝਟਕੇ ਮਹਿਸੂਸ ਹੋਣ ’ਤੇ ਬਚਾਅ ਮੁਹਿੰਮ ਸਵੇਰੇ 10:15 ਵਜੇ ਅਸਥਾਈ ਤੌਰ ’ਤੇ ਰੋਕੀ ਗਈ। ਬਚਾਅ ਕਰਮੀਆਂ ਨੇ ਇਲਾਕੇ ਵਿੱਚ ਮੌਜੂਦ ਲੋਕਾਂ ਨੂੰ ਇਮਾਰਤਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਬਚਾਅ ਕਾਰਜ ਬਾਅਦ ਦੁਪਹਿਰ ਲਗਪਗ 1:45 ਵਜੇ ਮੁੜ ਸ਼ੁਰੂ ਹੋਏ। ਜ਼ਿਆਦਾਤਰ ਵਿਦਿਆਰਥੀ 7ਵੀਂ ਤੋਂ 11ਵੀਂ ਜਮਾਤ ਦੇ ਹਨ ਜਿਨ੍ਹਾਂ ਦੀ ਉਮਰ 12 ਤੋਂ 18 ਸਾਲ ਦਰਮਿਆਨ ਹੈ।