ਰੂਸ ਵੱਲੋਂ ਯੂਕਰੇਨ ’ਤੇ ਸਭ ਤੋਂ ਵੱਡਾ ਹਮਲਾ
ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ’ਤੇ ਬੀਤੇ ਦਿਨ ਵੱਡੀ ਗਿਣਤੀ ’ਚ ਡਰੋਨਾਂ ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਜਿਸ ’ਚ ਘੱਟ ਤੋਂ ਘੱਟ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ 15 ਹੋਰ ਜ਼ਖ਼ਮੀ ਹੋ ਗਏ। ਯੂਕਰੇਨ ਦੇ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਇਸ ਨੂੰ ਫਰਵਰੀ 2022 ’ਚ ਦੋਵਾਂ ਦੇਸ਼ਾਂ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਯੂਕਰੇਨ ’ਤੇ ਰੂਸ ਦਾ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ। ਇਸ ਹਮਲੇ ਮਗਰੋਂ ਅੱਜ ਇੱਕ ਅਹਿਮ ਸਰਕਾਰੀ ਇਮਾਰਤ ਦੀ ਛੱਤ ਤੋਂ ਧੂੰਆਂ ਉਠਦਾ ਦਿਖਾਈ ਦਿੱਤਾ।
ਅਧਿਕਾਰੀਆਂ ਨੇ ਦੱਸਿਆ ਕਿ ਰੂਸ ਨੇ ਯੂਕਰੇਨ ’ਤੇ 805 ਡਰੋਨਾਂ ਨਾਲ ਹਮਲਾ ਕੀਤਾ। ਯੂਕਰੇਨ ਦੀ ਹਵਾਈ ਸੈਨਾ ਦੀ ਤਰਜਮਾਨ ਯੂਰੀ ਇਹਨਾਟ ਨੇ ਪੁਸ਼ਟੀ ਕੀਤੀ ਕਿ ਅੱਜ ਦਾ ਹਮਲਾ ਯੂਕਰੇਨ ’ਤੇ ਹਮਲੇ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਡਾ ਰੂਸੀ ਡਰੋਨ ਹਮਲਾ ਸੀ। ਰੂਸ ਨੇ ਵੱਖ ਵੱਖ ਤਰ੍ਹਾਂ ਦੀਆਂ 13 ਮਿਜ਼ਾਈਲਾਂ ਦਾਗੀਆਂ। ਹਵਾਈ ਸੈਨਾ ਦੇ ਇੱਕ ਬਿਆਨ ਅਨੁਸਾਰ ਯੂਕਰੇਨ ਨੇ 747 ਰੂਸੀ ਡਰੋਨ ਤੇ ਚਾਰ ਮਿਜ਼ਾਈਲਾਂ ਹੇਠਾਂ ਸੁੱਟੀਆਂ ਜਾਂ ਨਕਾਰਾ ਕਰ ਦਿੱਤੀਆਂ। ਯੂਕਰੇਨ ’ਚ 37 ਥਾਵਾਂ ’ਤੇ ਨੌਂ ਮਿਜ਼ਾਈਲ ਤੇ 56 ਡਰੋਨ ਹਮਲੇ ਹੋਏ। ਹੇਠਾਂ ਸੁੱਟੇ ਗਏ ਡਰੋਨਾਂ ਤੇ ਮਿਜ਼ਾਈਲਾਂ ਦਾ ਮਲਬਾ ਅੱਠ ਥਾਵਾਂ ’ਤੇ ਡਿੱਗਿਆ। ਮੀਡੀਆ ਰਿਪੋਰਟਾਂ ਅਨੁਸਾਰ ਯੂਕਰੇਨ ਦੇ ਮੰਤਰੀ ਮੰਡਲ ਦੇ ਹੈੱਡਕੁਆਰਟਰ ਦੀ ਇਮਾਰਤ ’ਚੋਂ ਧੂੰਆਂ ਉੱਠਦਾ ਦਿਖਾਈ ਦਿੱਤਾ ਹੈ। ਯੂਕਰੇਨੀ ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 15 ਜ਼ਖ਼ਮੀ ਹੋ ਗਏ ਹਨ। ਯੂਕਰੇਨ ਦੀ ਪ੍ਰਧਾਨ ਮੰਤਰੀ ਯੂਲੀਆ ਸਵਿਰੀਡੈਂਕੋ ਨੇ ਕਿਹਾ, ‘ਪਹਿਲੀ ਵਾਰ ਦੁਸ਼ਮਣ ਦੇ ਹਮਲੇ ’ਚ ਸਰਕਾਰੀ ਇਮਾਰਤ ਨੂੰ ਨੁਕਸਾਨ ਪੁੱਜਾ ਹੈ। ਅਸੀਂ ਇਨ੍ਹਾਂ ਇਮਾਰਤਾਂ ਦੀ ਮੁਰੰਮਤ ਕਰਾਂਗੇ ਪਰ ਜੋ ਜਾਨਾਂ ਚਲੀਆਂ ਗਈਆਂ ਹਨ, ਉਨ੍ਹਾਂ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ।’ ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਯੂਰਪੀ ਆਗੂਆਂ ਵੱਲੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ’ਤੇ ਜੰਗ ਖਤਮ ਕਰਨ ਦੀ ਦਿਸ਼ਾ ’ਚ ਕਦਮ ਚੁੱਕਣ ਲਈ ਦਬਾਅ ਵਧ ਰਿਹਾ ਹੈ।