ਰੂਸ ਵੱਲੋਂ ਅਮਰੀਕਾ, ਦੱਖਣੀ ਕੋਰੀਆ ਤੇ ਜਪਾਨ ਨੂੰ ਸੁਰੱਖਿਆ ਗੱਠਜੋੜ ਬਣਾਉਣ ਖ਼ਿਲਾਫ਼ ਚਿਤਾਵਨੀ
ਸਿਓਲ, 12 ਜੁਲਾਈ
ਰੂਸ ਦੇ ਵਿਦੇਸ਼ ਮੰਤਰੀ ਨੇ ਅੱਜ ਅਮਰੀਕਾ, ਦੱਖਣੀ ਕੋਰੀਆ ਤੇ ਜਪਾਨ ਨੂੰ ਉੱਤਰੀ ਕੋਰੀਆ ਨੂੰ ਨਿਸ਼ਾਨਾ ਬਣਾ ਕੇ ਸੁਰੱਖਿਆ ਭਾਈਵਾਲੀ ਬਣਾਉਣ ਖ਼ਿਲਾਫ਼ ਚਿਤਾਵਨੀ ਦਿੱਤੀ ਹੈ। ਉਹ ਆਪਣੇ ਦੇਸ਼ ਦੇ ਇਸ ਸਹਿਯੋਗੀ ਮੁਲਕ ਨਾਲ ਵਧਦੇ ਫੌਜੀ ਤੇ ਹੋਰ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਬਾਰੇ ਗੱਲਬਾਤ ਲਈ ਉੱਥੇ ਗਏ ਹੋਏ ਹਨ। ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਬੀਤੇ ਦਿਨ ਉੱਤਰੀ ਕੋਰਿਆਈ ਹਮਰੁਤਬਾ ਚੋਈ ਸੋਨ ਹੁਈ ਨਾਲ ਮੀਟਿੰਗ ਲਈ ਉੱਤਰੀ ਕੋਰੀਆ ਦੇ ਪੂਰਬੀ ਵੋਨਸਾਨ ਸ਼ਹਿਰ ਗਏ ਸਨ। ਹਾਲ ਹੀ ਦੇ ਸਾਲਾਂ ਦੌਰਾਨ ਰੂਸ ਤੇ ਉੱਤਰੀ ਕੋਰੀਆ ਵਿਚਾਲੇ ਸਬੰਧ ਮਜ਼ਬੂਤ ਹੋਏ ਹਨ। ਉੱਤਰੀ ਕੋਰੀਆ ਫੌਜੀ ਤੇ ਆਰਥਿਕ ਮਦਦ ਬਦਲੇ ਯੂਕਰੇਨ ਖ਼ਿਲਾਫ਼ ਰੂਸ ਦੀ ਜੰਗ ’ਚ ਮਦਦ ਲਈ ਸੈਨਿਕਾਂ ਤੇ ਗੋਲਾ-ਬਾਰੂਦ ਦੀ ਸਪਲਾਈ ਕਰਦਾ ਰਿਹਾ ਹੈ। ਇਸ ਨਾਲ ਦੱਖਣੀ ਕੋਰੀਆ, ਅਮਰੀਕਾ ਤੇ ਹੋਰ ਮੁਲਕਾਂ ’ਚ ਇਹ ਚਿੰਤਾ ਵੱਧ ਗਈ ਹੈ ਕਿ ਰੂਸ, ਉੱਤਰੀ ਕੋਰੀਆ ਨੂੰ ਸੰਵੇਦਨਸ਼ੀਲ ਤਕਨੀਕਾਂ ਵੀ ਦੇ ਸਕਦਾ ਹੈ ਜੋ ਉਸ ਦੇ ਪ੍ਰਮਾਣੂ ਤੇ ਮਿਜ਼ਾਈਲ ਪ੍ਰੋਗਰਾਮਾਂ ਲਈ ਮਦਦ ਕਰ ਸਕਦੀ ਹੈ। ਅੱਜ ਚੋਈ ਨਾਲ ਮੀਟਿੰਗ ਮਗਰੋਂ ਲਾਵਰੋਵ ਨੇ ਅਮਰੀਕਾ, ਦੱਖਣੀ ਕੋਰੀਆ ਤੇ ਜਪਾਨ ’ਤੇ ਉੱਤਰੀ ਕੋਰੀਆ ਨੇੜੇ ਸੈਨਾ ਦੀ ਤਾਇਨਾਤੀ ਦਾ ਦੋਸ਼ ਲਾਇਆ। ਰੂਸ ਦੀ ਸਰਕਾਰੀ ਨਿਊਜ਼ ਏਜੰਸੀ ਤਾਸ ਅਨੁਸਾਰ ਲਾਵਰੋਵ ਨੇ ਪੱਤਰਕਾਰਾਂ ਨੂੰ ਕਿਹਾ, ‘ਅਸੀਂ ਉੱਤਰੀ ਕੋਰੀਆ ਤੇ ਯਕੀਨੀ ਤੌਰ ’ਤੇ ਰੂਸ ਸਮੇਤ ਕਿਸੇ ਖ਼ਿਲਾਫ਼ ਵੀ ਗੱਠਜੋੜ ਬਣਾਉਣ ਖ਼ਿਲਾਫ਼ ਚਿਤਾਵਨੀ ਦਿੰਦੇ ਹਾਂ।’ -ਏਪੀ