ਰੂਸ ਨੇ ਇਕ ਵਾਰ ਮੁੜ ਡਰੋਨਾਂ ਤੇ ਮਿਜ਼ਾਈਲਾਂ ਰਾਹੀਂ ਵੱਡੀ ਪੱਧਰ ’ਤੇ ਹਮਲਾ ਕਰ ਕੇ ਯੂਕਰੇਨ ਦੇ ਊਰਜਾ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਜਿਸ ਕਰ ਕੇ ਅੱਜ ਸਮੁੱਚੇ ਦੇਸ਼ ਵਿੱਚ ਬਿਜਲੀ ਬੰਦ ਹੋ ਗਈ। ਯੂਕਰੇਨ ਦੇ ਪ੍ਰਧਾਨ ਮੰਤਰੀ ਨੇ ਰੂਸ ਦੀ ਇਸ ਰਣਨੀਤੀ ਨੂੰ ‘ਊਰਜਾ ਅਤਿਵਾਦ’ ਦੱਸਿਆ। ਇਨ੍ਹਾਂ ਹਮਲਿਆਂ ਵਿੱਚ ਘੱਟੋ-ਘੱਟ ਦੋ ਜਣਿਆਂ ਦੀ ਮੌਤ ਹੋ ਗਈ ਅਤੇ 17 ਹੋਰ ਜ਼ਖ਼ਮੀ ਹੋ ਗਏ। ਹੱਡ ਚੀਰਵੀਂ ਠੰਢ ਸ਼ੁਰੂ ਹੋਣ ਦੇ ਨਾਲ ਹੀ ਰੂਸ ਯੂਕਰੇਨ ਦੇ ਊਰਜਾ ਢਾਂਚਿਆਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਰੂਸ ਨੇ ਹਮਲੇ ਵਿੱਚ 650 ਤੋਂ ਜ਼ਿਆਦਾ ਡਰੋਨ ਅਤੇ ਵੱਖ-ਵੱਖ ਤਰ੍ਹਾਂ ਦੀਆਂ 50 ਤੋਂ ਵੱਧ ਮਿਜ਼ਾਈਲਾਂ ਦਾਗੀਆਂ। ਯੂਕਰੇਨ ਦੇ ਸ਼ਹਿਰ ਪਾਣੀ, ਸੀਵਰੇਜ ਅਤੇ ‘ਹੀਟਿੰਗ ਸਿਸਟਮ’ ਚਲਾਉਣ ਲਈ ਕੇਂਦਰੀਕ੍ਰਿਤ ਜਨਤਕ ਬੁਨਿਆਦੀ ਢਾਂਚੇ ਦਾ ਇਸਤੇਮਾਲ ਕਰਦੇ ਹਨ ਅਤੇ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਇਹ ਕੰਮ ਨਹੀਂ ਕਰ ਸਕਦੇ।
ਯੂਕਰੇਨ ਦੀ ਪ੍ਰਧਾਨ ਮੰਤਰੀ ਯੂਲੀਆ ਸਵਿਰੀਡੈਂਕੋ ਨੇ ਕਿਹਾ, ‘‘ਰੂਸ ਆਪਣਾ ਊਰਜਾ ਅਤਿਵਾਦ ਜਾਰੀ ਰੱਖ ਰਿਹਾ ਹੈ ਅਤੇ ਸਰਦੀਆਂ ਸ਼ੁਰੂ ਹੁੰਦੇ ਹੀ ਯੂਕਰੇਨ ਵਾਸੀਆਂ ਦੀ ਜ਼ਿੰਦਗੀ ਅਤੇ ਵੱਕਾਰ ’ਤੇ ਹਮਲਾ ਕਰ ਰਿਹਾ ਹੈ। ਉਸ ਦਾ ਟੀਚਾ ਯੂਕਰੇਨ ਨੂੰ ਹਨੇਰੇ ਵਿੱਚ ਡੋਬਣ ਦਾ ਹੈ। ਸਾਡਾ ਟੀਚਾ ਰੋਸ਼ਨੀ ਬਰਕਰਾਰ ਰੱਖਣਾ ਹੈ। ਇਸ ਅਤਿਵਾਦ ਨੂੰ ਰੋਕਣ ਲਈ, ਯੂਕਰੇਨ ਨੂੰ ਹੋਰ ਵਧੇਰੇ ਹਵਾਈ ਰੱਖਿਆ ਪ੍ਰਣਾਲੀਆਂ, ਮਾਸਕੋ ਖ਼ਿਲਾਫ਼ ਸਖ਼ਤ ਪਾਬੰਦੀਆਂ ਅਤੇ ਰੂਸ ’ਤੇ ਜ਼ਿਆਦਾ ਤੋਂ ਜ਼ਿਆਦਾ ਦਬਾਅ ਬਣਾਉਣ ਦੀ ਲੋੜ ਹੈ।’’
ਦੱਖਣੀ ਜ਼ਾਪੋਰੀਜ਼ਿਆ ਖੇਤਰ ਵਿੱਚ ਹਮਲਿਆਂ ਕਾਰਨ ਇਕ ਦੋ ਸਾਲਾ ਬੱਚੀ ਸਣੇ 17 ਲੋਕ ਜ਼ਖ਼ਮੀ ਹੋ ਗਏ। ਖੇਤਰੀ ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਦਲ ਦੇ ਅਮਲੇ ਨੇ ਹਮਲਿਆਂ ਕਾਰਨ ਢਹਿ-ਢੇਰੀ ਹੋਈ ਇਮਾਰਤ ਦੇ ਮਲਬੇ ’ਚੋਂ ਇਕ ਜਣੇ ਨੂੰ ਬਾਹਰ ਕੱਢ ਲਿਆ ਪਰ ਉਹ ਬਚ ਨਹੀਂ ਸਕਿਆ। ਇਸ ਦੌਰਾਨ ਪੋਲੈਂਡ ਦੀ ਸਰਹੱਦ ਨਾਲ ਲੱਗਦੇ ਲਵੀਵ ਖੇਤਰ ਵਿੱਚ ਦੋ ਊਰਜਾ ਪਲਾਂਟ ਨੁਕਸਾਨੇ ਗਏ ਹਨ।

