ਰੂਸ ਨੇ ਬੇਲਾਰੂਸ ਨਾਲ ਫੌ਼ਜੀ ਮਸ਼ਕਾਂ ’ਚ ਪਰਮਾਣੂ ਸਮਰੱਥਾ ਦਿਖਾਈ
ਰੂਸ ਨੇ ਬੇਲਾਰੂਸ ਨਾਲ ਸਾਂਝੇ ਸੈਨਿਕ ਅਭਿਆਸ ਦੌਰਾਨ ਆਪਣੀ ਰਵਾਇਤੀ ਤੇ ਪਰਮਾਣੂ ਸਮਰੱਥਾ ਦਾ ਪ੍ਰਦਰਸ਼ਨ ਕੀਤਾ, ਜਿਸ ਨਾਲ ਪੂਰਬੀ ਯੂਰੋਪ ’ਚ ਨਾਟੋ ਨਾਲ ਤਣਾਅ ਹੋਰ ਵਧ ਗਿਆ ਹੈ। ਰੂਸੀ ਰੱਖਿਆ ਮੰਤਰਾਲੇ ਨੇ ਬੇਲਾਰੂਸ ਵਿੱਚ ਹੋਈਆਂ ਮਸ਼ਕਾਂ ਦੀ ਵੀਡੀਓ ਵੀ ਜਾਰੀ ਕੀਤੀ ਹੈ। ਹਾਲੀਆ ਹਫ਼ਤਿਆਂ ਦੌਰਾਨ ਕਈ ਘਟਨਾਵਾਂ ਨੇ ਖੇਤਰੀ ਅਸਥਰਿਤਾ ਵਧਾ ਦਿੱਤੀ ਹੈ, ਇਨ੍ਹਾਂ ਘਟਨਾਵਾਂ ਵਿੱਚੋਂ ਪੋਲੈਂਡ ’ਚ ਰੂਸੀ ਡਰੋਨਾਂ ਦੇ ਦਾਖਲੇ ਨੂੰ ਉੱਥੋਂ ਦੇ ਅਧਿਕਾਰੀਆਂ ਨੇ ‘ਜਾਣਬੁੱਝ ਕੇ ਉਕਸਾਉਣ ਵਾਲਾ ਕਦਮ’ ਕਰਾਰ ਦਿੱਤਾ ਹੈ। ਇਸ ਦੇ ਜਵਾਬ ’ਚ ਨਾਟੋ ਨੇ ਆਪਣੇ ਪੂਰਬੀ ਹਿੱਸੇ ’ਚ ਹਵਾਈ ਰੱਖਿਆ ਪ੍ਰਣਾਲੀ ਹੋਰ ਮਜ਼ਬੂਤ ਕੀਤੀ ਹੈ। ਰੂਸ ਤੇ ਬੇਲਾਰੂਸ ਵਿਚਾਲੇ ਲੰਬੇ ਸਮੇਂ ਤੋਂ ਯੋਜਨਾਬੱਧ ਇਸ ਸਾਂਝੀ ਫੌਜੀ ਮਸ਼ਕ ‘ਜ਼ਾਪਾਦ 2025’ ਵਿੱਚ ਪਰਮਾਣੂ ਹਥਿਆਰ ਲਿਜਾਣ ’ਚ ਸਮਰੱਥ ਬੰਬਾਰਾਂ, ਜੰਗੀ ਬੇੜਿਆਂ, ਹਜ਼ਾਰਾਂ ਸੈਨਿਕਾਂ ਅਤੇ ਸੈਂਕੜੇ ਜੰਗੀ ਵਾਹਨਾਂ ਨੇ ਹਿੱਸਾ ਲਿਆ। ਇਸ ਅਭਿਆਸ ਵਿੱਚ ਦੁਸ਼ਮਣ ਦੇ ਹਮਲੇ ਦੀ ਸਥਿਤੀ ਵਿੱਚ ਸਾਂਝੀ ਜਵਾਬੀ ਕਾਰਵਾਈ ਦੀ ਤਿਆਰੀ ਕੀਤੀ, ਜਿਸ ਵਿੱਚ ਪਰਮਾਣੂ ਹਥਿਆਰਾਂ ਦੀ ਵਰਤੋਂ ਦੀ ਯੋਜਨਾ ਅਤੇ ਰੂਸ ਦੀ ਦਰਮਿਆਨੀ ਰੇਂਜ ਵਾਲੀ ਨਵੀਂ ‘ਓਰੇਸ਼ਨਿਕ’ ਬੈਲਿਸਟਿਕ ਮਿਜ਼ਾਈਲ ਦੀ ਵਰਤੋਂ ਵੀ ਸ਼ਾਮਲ ਹੈ।
ਨਾਟੋ ਦੇ ਸਕੱਤਰ ਜਨਰਲ ਮਾਰਕ ਰੱਟ ਨੇ ਮਾਸਕੋ ਦੀਆਂ ਹਾਈਪਰਸੋਨਿਕ ਮਿਜ਼ਾਈਲ ਸਮਰੱਥਾ ਦਾ ਜ਼ਿਕਰ ਕਰਦਿਆਂ ਕਿਹਾ, ‘‘ਹੁਣ ਇਹ ਮੰਨਣਾ ਠੀਕ ਨਹੀਂ ਹੋਵੇਗਾ ਕਿ ਸਪੇਨ ਜਾਂ ਬਰਤਾਨੀਆ, ਐਸਟੋਨੀਆ ਜਾਂ ਲਿਥੂਆਨੀਆ ਦੇ ਮੁਕਾਬਲੇ ਵੱਧ ਸੁਰੱਖਿਅਤ ਹਨ।’’ ਉਨ੍ਹਾਂ ਕਿਹਾ, ‘‘ਆਓ, ਇਹ ਸਵੀਕਾਰ ਕਰੀਏ ਕਿ 32 ਮੁਲਕਾਂ ਵਾਲੇ ਇਸ ਗੱਠਜੋੜ ਵਿੱਚ ਅਸੀਂ ਸਾਰੇ ਪੂਰਬੀ ਸਰਹੱਦ ’ਤੇ ਹੀ ਰਹਿੰਦੇ ਹਾਂ।’’