ਰੂਸ ਨੇ ਮਿਜ਼ਾਈਲਾਂ ਦੀ ਤਾਇਨਾਤੀ ’ਤੇ ਲਗਾਈ ਰੋਕ ਖ਼ਤਮ ਕੀਤੀ
ਰੂਸ ਨੇ ਐਲਾਨ ਕੀਤਾ ਹੈ ਕਿ ਉਹ ਹੁਣ ਪਰਮਾਣੂ ਸਮਰੱਥਾ ਵਾਲੀਆਂ ਤੇ ਦਰਮਿਆਨੀ ਰੇਂਜ ਵਾਲੀਆਂ ਮਿਜ਼ਾਈਲਾਂ ਦੀ ਤਾਇਨਾਤੀ ਸਬੰਧੀ ਆਪਣੇ ਆਪ ’ਤੇ ਲਗਾਈ ਗਈ ਰੋਕ ਨੂੰ ਨਹੀਂ ਮੰਨਦਾ ਹੈ। ਇਹ ਚਿਤਾਵਨੀ ਸੰਭਾਵੀ ਤੌਰ ’ਤੇ ਹਥਿਆਰਾਂ ਦੀ ਨਵੀਂ ਦੌੜ ਲਈ ਰਾਹ ਪੱਧਰਾ ਕਰਦੀ ਹੈ ਕਿਉਂਕਿ ਯੂਕਰੇਨ ਨੂੰ ਲੈ ਕੇ ਮਾਸਕੋ ਅਤੇ ਵਾਸ਼ਿੰਗਟਨ ਵਿਚਾਲੇ ਤਣਾਅ ਮੁੜ ਤੋਂ ਵਧ ਗਿਆ ਹੈ। ਰੂਸ ਦਾ ਇਹ ਬਿਆਨ ਰਾਸ਼ਟਰਪਤੀ ਡੋਨਲਡ ਟਰੰਪ ਦੇ ਸ਼ੁੱਕਰਵਾਰ ਦੇ ਐਲਾਨ ਤੋਂ ਬਾਅਦ ਆਇਆ ਹੈ ਕਿ ਉਹ ਦੋ ਅਮਰੀਕੀ ਪਰਮਾਣੂ ਪਣਡੁੱਬੀਆਂ ਨੂੰ ਮੁੜ ਤੋਂ ਕਾਇਮ ਕਰਨ ਦਾ ਹੁਕਮ ਦੇ ਰਹੇ ਹਨ। ਬਿਆਨ ਰਾਹੀਂ ਅੱਜ ਰੂਸੀ ਵਿਦੇਸ਼ ਮੰਤਰਾਲੇ ਨੇ ਇਸ ਫੈਸਲੇ ਨੂੰ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਦਰਮਿਆਨੀ ਰੇਂਜ ਵਾਲੇ ਹਥਿਆਰਾਂ ਨੂੰ ਵਿਕਸਤ ਕਰਨ ਅਤੇ ਯੂਰਪ ਤੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਉਨ੍ਹਾਂ ਦੀ ਤਾਇਨਾਤੀ ਦੀਆਂ ਤਿਆਰੀਆਂ ਨਾਲ ਜੋੜਿਆ ਹੈ। ਮੰਤਰਾਲੇ ਨੇ ਕਿਹਾ, ‘‘ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਅਜਿਹੀਆਂ ਕਾਰਵਾਈਆਂ ਰੂਸ ਦੇ ਨੇੜੇ ‘ਅਸਥਿਰ ਮਿਜ਼ਾਈਲ ਸਮਰੱਥਾ’ ਪੈਦਾ ਕਰਦੀਆਂ ਹਨ।
ਯੂਕਰੇਨ ਨੂੰ ਰੂਸੀ ਡਰੋਨਾਂ ਵਿੱਚ ਭਾਰਤ ਦੇ ਪੁਰਜ਼ੇ ਮਿਲੇ
ਕੀਵ: ਯੂਕਰੇਨ ਦੇ ਰਾਸ਼ਟਰਪਤੀ ਦੇ ਅਧਿਕਾਰੀ ਨੇ ਅੱਜ ਕਿਹਾ ਕਿ ਕੀਵ ਨੂੰ ਯੂਕਰੇਨ ’ਤੇ ਹਮਲਿਆਂ ਲਈ ਵਰਤੇ ਗਏ ਰੂਸੀ ਡਰੋਨਾਂ ਵਿੱਚ ਭਾਰਤ ਵਿੱਚ ਬਣੇ ਪੁਰਜ਼ੇ ਮਿਲੇ ਹਨ। ਰਾਸ਼ਟਰਪਤੀ ਦੇ ਚੀਫ ਆਫ ਸਟਾਫ ਆਂਦਰੀ ਯੇਰਮਾਕ ਨੇ ਟੈਲੀਗ੍ਰਾਮ ’ਤੇ ਕਿਹਾ ਕਿ ਇਹ ਡਰੋਨ ਮੂਹਰਲੀ ਕਤਾਰ ਦੀਆਂ ਚੌਕੀਆਂ ਅਤੇ ਨਾਗਰਿਕਾਂ ’ਤੇ ਹਮਲਿਆਂ ਵਿੱਚ ਸ਼ਾਮਲ ਸਨ।