ਰੂਸ ਨੇ ਅੱਜ ਤੜਕੇ ਯੂਕਰੇਨ ਦੀ ਰਾਜਧਾਨੀ ਕੀਵ ’ਤੇ ਡਰੋਨਾਂ ਅਤੇ ਮਿਜ਼ਾਈਲਾਂ ਨਾਲ ਜ਼ੋਰਦਾਰ ਹਮਲਾ ਕੀਤਾ, ਜਿਸ ’ਚ 17 ਵਿਅਕਤੀ ਹਲਾਕ ਅਤੇ 48 ਹੋਰ ਜ਼ਖ਼ਮੀ ਹੋ ਗਏ। ਤਿੰਨ ਸਾਲਾਂ ਤੋਂ ਜਾਰੀ ਜੰਗ ਖ਼ਤਮ ਕਰਨ ਲਈ ਅਮਰੀਕਾ ਦੀ ਅਗਵਾਈ ਹੇਠ ਸ਼ਾਂਤੀ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਾ ਪੈਣ ਦਰਮਿਆਨ ਪਿਛਲੇ ਕੁਝ ਹਫ਼ਤਿਆਂ ’ਚ ਇਹ ਕੀਵ ’ਤੇ ਰੂਸ ਦਾ ਪਹਿਲਾ ਵੱਡਾ ਹਮਲਾ ਹੈ।
ਯੂਕਰੇਨੀ ਹਵਾਈ ਫ਼ੌਜ ਮੁਤਾਬਕ ਰੂਸ ਨੇ ਪੂਰੇ ਮੁਲਕ ’ਚ 598 ਡਰੋਨਾਂ ਅਤੇ ਵੱਖ ਵੱਖ ਤਰ੍ਹਾਂ ਦੀਆਂ 31 ਮਿਜ਼ਾਈਲਾਂ ਦਾਗ਼ੀਆਂ ਜਿਸ ਨਾਲ ਇਹ ਜੰਗ ਦੇ ਸਭ ਤੋਂ ਵੱਡੇ ਹਵਾਈ ਹਮਲਿਆਂ ’ਚੋਂ ਇਕ ਬਣ ਗਿਆ ਹੈ। ਕੀਵ ਦੇ ਸੱਤ ਜ਼ਿਲ੍ਹਿਆਂ ’ਚ 20 ਥਾਵਾਂ ’ਤੇ ਹਮਲਿਆਂ ਦਾ ਅਸਰ ਹੋਇਆ ਹੈ ਅਤੇ ਕਰੀਬ 100 ਇਮਾਰਤਾਂ ਨੂੰ ਨੁਕਸਾਨ ਪੁੱਜਿਆ ਹੈ। ਕੀਵ ਪ੍ਰਸ਼ਾਸਨ ਦੇ ਮੁਖੀ ਤੈਮੂਰ ਤਕਾਚੇਂਕੋ ਨੇ ਦੱਸਿਆ ਕਿ ਮ੍ਰਿਤਕਾਂ ’ਚ ਤਿੰਨ ਨਾਬਾਲਗ ਵੀ ਸ਼ਾਮਲ ਹਨ। ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਬਚਾਅ ਟੀਮਾਂ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ’ਚ ਜੁਟੀਆਂ ਹੋਈਆਂ ਹਨ।
ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ‘ਐਕਸ’ ’ਤੇ ਕਿਹਾ, ‘‘ਰੂਸ ਵਾਰਤਾ ਦੀ ਮੇਜ਼ ਦੀ ਬਜਾਏ ਬੈਲਿਸਟਿਕ ਹਥਿਆਰਾਂ ਦੀ ਚੋਣ ਕਰਦਾ ਹੈ। ਅਸੀਂ ਦੁਨੀਆ ਦੇ ਉਨ੍ਹਾਂ ਸਾਰੇ ਵਿਅਕਤੀਆਂ ਦੇ ਪ੍ਰਤੀਕਰਮ ਦੀ ਉਮੀਦ ਕਰਦੇ ਹਾਂ, ਜਿਨ੍ਹਾਂ ਸ਼ਾਂਤੀ ਦੀ ਅਪੀਲ ਕੀਤੀ ਸੀ ਪਰ ਹੁਣ ਸਿਧਾਂਤਕ ਰੁਖ਼ ਅਪਣਾਉਣ ਦੀ ਬਜਾਏ ਉਹ ਅਕਸਰ ਖਾਮੋਸ਼ ਰਹਿੰਦੇ ਹਨ।’’ ਰੂਸੀ ਰੱਖਿਆ ਮੰਤਰਾਲੇ ਨੇ ਵੀ ਕਿਹਾ ਕਿ ਉਸ ਨੇ ਯੂਕਰੇਨ ਦੇ 102 ਡਰੋਨ ਡੇਗੇ ਹਨ।
ਅਧਿਕਾਰੀਆਂ ਮੁਤਾਬਕ ਡਰੋਨ ਹਮਲੇ ਕਾਰਨ ਕ੍ਰਾਸਨੋਡਾਰ ਖਿੱਤੇ ’ਚ ਅਫਿਪਸਕੀ ਤੇਲ ਰਿਫਾਇਨਰੀ ’ਚ ਅੱਗ ਲੱਗ ਗਈ। ਬੀਤੇ ਕੁਝ ਹਫ਼ਤਿਆਂ ’ਚ ਯੂਕਰੇਨ ਨੇ ਰੂਸ ਦੀਆਂ ਤੇਲ ਰਿਫਾਇਨਰੀਆਂ ਨੂੰ ਨਿਸ਼ਾਨਾ ਬਣਾਇਆ ਹੈ ਜਿਸ ਕਾਰਨ ਕੁਝ ਰੂਸੀ ਇਲਾਕਿਆਂ ’ਚ ਗੈਸ ਸਟੇਸ਼ਨਾਂ ’ਤੇ ਤੇਲ ਖ਼ਤਮ ਹੋ ਗਿਆ ਹੈ ਅਤੇ ਕੀਮਤਾਂ ਵਧ ਗਈਆਂ ਹਨ।