ਰੂਸ ਵੱਲੋਂ ਯੂਕਰੇਨ ’ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਵਾਈ ਹਮਲਾ
ਕੀਵ, 29 ਜੂਨ
ਰੂਸ ਨੇ ਲੰਘੀ ਰਾਤ ਯੂਕਰੇਨ ’ਤੇ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਹਵਾਈ ਹਮਲਾ ਕੀਤਾ। ਯੂਕਰੇਨ ਦੇ ਇੱਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਇਸ ਹਮਲੇ ਨਾਲ ਤਿੰਨ ਸਾਲਾਂ ਤੋਂ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਝਟਕਾ ਲੱਗਾ ਹੈ।
ਯੂਕਰੇਨ ਦੀ ਹਵਾਈ ਫੌਜ ਨੇ ਦੱਸਿਆ ਕਿ ਰੂਸ ਨੇ ਯੂਕਰੇਨ ’ਤੇ ਕੁੱਲ 537 ਹਵਾਈ ਹਥਿਆਰ ਦਾਗੇ, ਜਿਨ੍ਹਾਂ ਵਿੱਚ 477 ਡਰੋਨ ਅਤੇ 60 ਮਿਜ਼ਾਈਲਾਂ ਸ਼ਾਮਲ ਸਨ। ਇਨ੍ਹਾਂ ਵਿੱਚੋਂ 249 ਨੂੰ ਡੇਗ ਦਿੱਤਾ ਗਿਆ ਜਦਿਕ 226 ਨੂੰ ਇਲੈਕਟ੍ਰੌਨਿਕ ਢੰਗ ਨਾਲ ਜਾਮ ਕਰ ਦਿੱਤਾ ਗਿਆ।
ਯੂਕਰੇਨ ਦੀ ਹਵਾਈ ਫੌਜ ਦੇ ਸੰਚਾਰ ਮੁਖੀ ਯੂਰੀ ਇਗਨਾਟ ਨੇ ਦੱਸਿਆ ਕਿ ਰੁੂਸ ਵੱਲੋਂ ਇਸ ਹਮਲੇ ’ਚ ਪੱਛਮੀ ਯੂਕਰੇਨ ਸਣੇ ਕਈ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਖਰਸੋਨ ਖੇਤਰ ਦੇ ਗਵਰਨਰ ਓਲੇਕਸੈਂਡਰ ਪ੍ਰੋਕੁਡਿਨ ਨੇ ਦੱਸਿਆ ਕਿ ਇੱਕ ਡਰੋਨ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਖਾਰਕੀਵ ਖੇਤਰ ਵਿੱਚ ਇੱਕ ਕਾਰ ’ਤੇ ਡਰੋਨ ਡਿੱਗਣ ਕਾਰਨ ਇੱਕ ਹੋਰ ਵਿਅਕਤੀ ਮਾਰਿਆ ਗਿਆ। -ਏਪੀ
ਰੂਸ ਵੱਲੋਂ ਰਾਤੋ-ਰਾਤ ਤਿੰਨ ਯੂਕਰੇਨੀ ਡਰੋਨ ਡੇਗਣ ਦਾ ਦਾਅਵਾ
ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਨੇ ਰਾਤੋ-ਰਾਤ ਤਿੰਨ ਯੂਕਰੇਨੀ ਡਰੋਨਾਂ ਨੂੰ ਡੇਗ ਦਿੱਤਾ ਹੈ। ਖੇਤਰੀ ਗਵਰਨਰ ਅਲੈਗਜ਼ੈਂਡਰ ਬੋਗੋਮਾਜ਼ ਨੇ ਅੱਜ ਸਵੇਰੇ ਕਿਹਾ ਕਿ ਪੱਛਮੀ ਰੂਸ ਦੇ ਬਰਿਆਂਸਕ ਸ਼ਹਿਰ ’ਤੇ ਇੱਕ ਹੋਰ ਯੂਕਰੇਨੀ ਡਰੋਨ ਹਮਲੇ ਵਿੱਚ ਦੋ ਵਿਅਕਤੀ ਜ਼ਖ਼ਮੀ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਖੇਤਰ ਵਿੱਚ ਸੱਤ ਯੂਕਰੇਨੀ ਡਰੋਨਾਂ ਨੂੰ ਡੇਗ ਦਿੱਤਾ ਗਿਆ ਹੈ। ਇਸ ਦੌਰਾਨ, ਰੂਸ ਨੇ ਦਾਅਵਾ ਕੀਤਾ ਕਿ ਉਸ ਨੇ ਅੰਸ਼ਕ ਤੌਰ ’ਤੇ ਰੂਸੀ ਕਬਜ਼ੇ ਵਾਲੇ ਦੋਨੇਤਸਕ ਖੇਤਰ ਵਿੱਚ ਨੋਵੋਯੂਕਰੇਨਕਾ ਪਿੰਡ ’ਤੇ ਕਬਜ਼ਾ ਕਰ ਲਿਆ ਹੈ। ਰੂਸੀ ਫੌਜਾਂ ਲਗਪਗ 1,000 ਕਿਲੋਮੀਟਰ ਦੀ ਫਰੰਟ ਲਾਈਨ ’ਤੇ ਕੁਝ ਥਾਵਾਂ ’ਤੇ ਹੌਲੀ-ਹੌਲੀ ਅੱਗੇ ਵਧ ਰਹੀਆਂ ਹਨ।