ਰੂਸ ਵੱਲੋਂ ਯੂਕਰੇਨ ’ਚ ਦੋ ਹੋਰ ਮੋਰਚਿਆਂ ’ਤੇ ਹਮਲੇ ਤੇਜ਼
ਕੀਵ, 2 ਜੁਲਾਈ
ਰੂਸ ਨੇ ਯੂਕਰੇਨ ’ਚ ਦੋ ਹੋਰ ਮੋਰਚਿਆਂ ’ਤੇ ਫੌਜੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਸ ਨਾਲ ਯੂਕਰੇਨ ਦੇ ਨਵੇਂ ਖ਼ਿੱਤੇ ’ਚ ਜੰਗ ਫੈਲਣ ਦਾ ਖ਼ਤਰਾ ਵਧ ਗਿਆ ਹੈ। ਉਂਝ ਦੋਵੇਂ ਮੁਲਕ ਗੋਲੀਬੰਦੀ ਦੇ ਕਿਸੇ ਸਮਝੌਤੇ ’ਤੇ ਪਹੁੰਚਣ ਤੋਂ ਪਹਿਲਾਂ ਹੀ ਵੱਧ ਤੋਂ ਵੱਧ ਲਾਹਾ ਲੈਣ ਦੀ ਕੋਸ਼ਿਸ਼ ’ਚ ਹਨ। ਮਾਹਿਰਾਂ ਅਤੇ ਫੌਜੀ ਕਮਾਂਡਰਾਂ ਮੁਤਾਬਕ ਰੂਸ ਨੂੰ ਅੱਗੇ ਵੱਧਣ ਤੋਂ ਰੋਕਣ ਅਤੇ ਵੱਡੇ ਨੁਕਸਾਨ ਤੋਂ ਬਚਾਉਣ ਲਈ ਯੂਕਰੇਨ ਹਰ ਹੰਭਲਾ ਮਾਰ ਰਿਹਾ ਹੈ।
ਰੂਸੀ ਫੌਜ ਰਣਨੀਤਕ ਤੌਰ ’ਤੇ ਅਹਿਮ ਪੋਕਰੋਵਸਕ ਖ਼ਿੱਤੇ ਵੱਲ ਅੱਗੇ ਵਧ ਰਹੀ ਹੈ, ਜਿਸ ’ਤੇ ਕਬਜ਼ੇ ਨਾਲ ਪੂਰੇ ਦੋਨੇਤਸਕ ਖ਼ਿੱਤੇ ’ਤੇ ਕੰਟਰੋਲ ਹੋ ਜਾਵੇਗਾ। ਤਿੱਖੀ ਲੜਾਈ ਹੁਣ ਗੁਆਂਢੀ ਦਿਨਪ੍ਰੋਪੇਤਰੋਵਸਕ ਖੇਤਰ ਦੀ ਸਰਹੱਦ ਤੱਕ ਵੀ ਪਹੁੰਚ ਗਈ ਹੈ। ਯੂਕਰੇਨੀ ਫੌਜਾਂ ਰੂਸ ਨੂੰ ਉੱਤਰ-ਪੂਰਬੀ ਸੂਮੀ ਖੇਤਰ ਵਿੱਚ ਰੋਕਣ ਦੀਆਂ ਕੋਸ਼ਿਸ਼ ਕਰ ਰਹੀਆਂ ਹਨ। ਸੂਮੀ ਖ਼ਿੱਤੇ ਵਿੱਚ ਰੂਸ ਵੱਲੋਂ ਲਗਾਤਾਰ ਗਲਾਈਡ ਬੰਬਾਂ ਅਤੇ ਡਰੋਨਾਂ ਨਾਲ ਹਮਲੇ ਕੀਤੇ ਜਾ ਰਹੇ ਹਨ। ਰੂਸੀ-ਬ੍ਰਿਟਿਸ਼ ਫੌਜੀ ਇਤਿਹਾਸਕਾਰ ਸਰਗੇਈ ਰਾਡਚੇਂਕੋ ਨੇ ਕਿਹਾ, ‘‘ਯੂਕਰੇਨ ਲਈ ਸਭ ਤੋਂ ਵਧੀਆ ਗੱਲ ਇਹ ਹੋਵੇਗੀ ਕਿ ਉਹ ਦੋਨਬਾਸ ਵਜੋਂ ਜਾਣੇ ਜਾਂਦੇ ਯੂਕਰੇਨੀ ਉਦਯੋਗਿਕ ਕੇਂਦਰ, ਜਿਸ ਵਿੱਚ ਦੋਨੇਤਸਕ ਅਤੇ ਲੁਹਾਂਸਕ ਖ਼ਿੱਤੇ ਸ਼ਾਮਲ ਹਨ, ਵੱਲ ਰੂਸੀ ਫੌਜ ਦੇ ਕਦਮਾਂ ਨੂੰ ਰੋਕ ਸਕੇ। ਫਿਰ ਯੂਕਰੇਨ ਅਜਿਹੇ ਹਾਲਾਤ ਨੂੰ ਗੋਲੀਬੰਦੀ ਦੇ ਸਮਝੌਤੇ ਦਾ ਆਧਾਰ ਬਣਾ ਸਕਦਾ ਹੈ।’’ ਉਧਰ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਇਸ ਗੱਲ ਦੀ ਉਡੀਕ ਕਰ ਰਹੇ ਹਨ ਕਿ ਟਰੰਪ ਪ੍ਰਸ਼ਾਸਨ ਰੂਸ ਵਿਰੁੱਧ ਸਖ਼ਤ ਪਾਬੰਦੀਆਂ ਲਾਗੂ ਕਰਨ ਅਤੇ ਮਾਸਕੋ ਨੂੰ ਰੋਕਣ ਲਈ ਫੋਰਸ ਕਾਇਮ ਕਰਨ ਦੇ ਯੂਰਪੀ ਸੁਝਾਅ ਦੀ ਹਮਾਇਤ ਕਰੇਗਾ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਰੂਸ ਗੋਲੀਬੰਦੀ ਦੇ ਸਮਝੌਤੇ ਲਈ ਮਜਬੂਰ ਹੋ ਜਾਵੇਗਾ। -ਏਪੀ