ਰੂਸ ਨੇ ਯੂਕਰੇਨ ’ਤੇ ਦਾਗ਼ੇ 100 ਤੋਂ ਵੱਧ ਡਰੋਨ
ਕੀਵ, 7 ਜੁਲਾਈ
ਰੂਸੀ ਫੌਜ ਨੇ ਬੀਤੀ ਰਾਤ ਯੂਕਰੇਨ ਦੇ ਸ਼ਹਿਰੀ ਇਲਾਕਿਆਂ ’ਚ 100 ਤੋਂ ਵੱਧ ਡਰੋਨ ਦਾਗ਼ੇ। ਯੂਕਰੇਨੀ ਅਧਿਕਾਰੀਆਂ ਨੇ ਕਿਹਾ ਕਿ ਬੀਤੇ 24 ਘੰਟਿਆਂ ਦੌਰਾਨ ਰੂਸੀ ਹਮਲਿਆਂ ’ਚ 10 ਆਮ ਨਾਗਰਿਕ ਮਾਰੇ ਗਏ ਅਤੇ 38 ਹੋਰ ਜ਼ਖ਼ਮੀ ਹੋ ਗਏ। ਇਸ ਦੌਰਾਨ ਰੂਸ ਦੇ ਟਰਾਂਸਪੋਰਟ ਮੰਤਰੀ ਰੋਮਨ ਸਤਾਰੋਵੋਯਤ ਨੇ ਅਹੁਦੇ ਤੋਂ ਹਟਾਏ ਜਾਣ ਬਾਅਦ ਖੁਦਕੁਸ਼ੀ ਕਰ ਲਈ। ਯੂਕਰੇਨੀ ਡਰੋਨ ਹਮਲਿਆਂ ਦੇ ਖ਼ਤਰੇ ਕਾਰਨ ਸੈਂਕੜੇ ਉਡਾਣਾਂ ਰੱਦ ਕੀਤੇ ਜਾਣ ਕਾਰਨ ਘੜਮੱਸ ਪੈਦਾ ਹੋ ਗਿਆ ਸੀ ਜਿਸ ਦਾ ਨੋਟਿਸ ਲੈਂਦਿਆਂ ਸਰਕਾਰ ਨੇ ਟਰਾਂਸਪੋਰਟ ਮੰਤਰੀ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ।
ਰੂਸ ਨੇ ਪਿਛਲੇ ਕੁਝ ਦਿਨਾਂ ਤੋਂ ਯੂਕਰੇਨ ਦੇ ਸ਼ਹਿਰੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ। ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਸੋਮਵਾਰ ਨੂੰ ਕਿਹਾ ਕਿ ਬੀਤੇ ਇਕ ਹਫ਼ਤੇ ’ਚ ਰੂਸ ਨੇ 1,270 ਡਰੋਨ, 39 ਮਿਜ਼ਾਈਲਾਂ ਅਤੇ ਕਰੀਬ ਹਜ਼ਾਰ ਸ਼ਕਤੀਸ਼ਾਲੀ ਗਲਾਈਡ ਬੰਬ ਸੁੱਟੇ ਹਨ। ਜ਼ੇਲੈਂਸਕੀ ਨੇ ਕਿਹਾ ਕਿ ਯੂਕਰੇਨ ਨੇ ਯੂਰਪੀ ਭਾਈਵਾਲਾਂ ਅਤੇ ਅਮਰੀਕਾ ਦੀ ਇਕ ਰੱਖਿਆ ਕੰਪਨੀ ਨਾਲ ਡਰੋਨ ਉਤਪਾਦਨ ਵਧਾਉਣ ਲਈ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਹਨ। -ਏਪੀ