ਰੂਸ ਨੇ ਯੂਕਰੇਨ ’ਤੇ ਇਸ ਸਾਲ ਦਾ ਸਭ ਤੋਂ ਵੱਡਾ ਹਵਾਈ ਹਮਲਾ ਕਰਦਿਆਂ 40 ਮਿਜ਼ਾਈਲਾਂ ਅਤੇ 574 ਡਰੋਨ ਦਾਗ਼ੇ। ਯੂਕਰੇਨੀ ਹਵਾਈ ਫ਼ੌਜ ਨੇ ਕਿਹਾ ਕਿ ਜ਼ਿਆਦਾਤਰ ਹਮਲੇ ਮੁਲਕ ਦੇ ਪੱਛਮੀ ਖ਼ਿੱਤਿਆਂ ’ਚ ਹੋਏ।
ਅਧਿਕਾਰੀਆਂ ਮੁਤਾਬਕ ਹਮਲਿਆਂ ’ਚ ਇਕ ਵਿਅਕਤੀ ਹਲਾਕ ਅਤੇ 15 ਹੋਰ ਜ਼ਖ਼ਮੀ ਹੋ ਗਏ। ਯੂਕਰੇਨੀ ਵਿਦੇਸ਼ ਮੰਤਰੀ ਆਂਦਰੀ ਸਿਬੀਹਾ ਨੇ ਕਿਹਾ ਕਿ ਰੂਸ ਨੇ ਪੱਛਮੀ ਯੂਕਰੇਨ ’ਚ ਵੱਡੇ ਅਮਰੀਕੀ ਇਲੈਕਟ੍ਰਾਨਿਕਸ ਮੈਨੂਫੈਕਚਰਰ ਨੂੰ ਨਿਸ਼ਾਨਾ ਬਣਾਇਆ। ਯੂਕਰੇਨ ਦੇ ਪੱਛਮੀ ਹਿੱਸੇ, ਜੰਗ ਦਾ ਮੈਦਾਨ ਬਣੇ ਇਲਾਕਿਆਂ ਤੋਂ ਬਹੁਤ ਦੂਰ ਹਨ। ਮੰਨਿਆ ਜਾ ਰਿਹਾ ਹੈ ਕਿ ਯੂਕਰੇਨ ਦੇ ਪੱਛਮੀ ਸਹਿਯੋਗੀਆਂ ਵੱਲੋਂ ਦਿੱਤੀ ਜਾ ਰਹੀ ਫੌਜੀ ਸਹਾਇਤਾ ਇਥੇ ਹੀ ਰੱਖੀ ਜਾ ਰਹੀ ਹੈ।
ਦਾਗ਼ੇ ਗਏ ਡਰੋਨਾਂ ਦੀ ਗਿਣਤੀ ਦੇ ਲਿਹਾਜ਼ ਨਾਲ ਰੂਸ ਵੱਲੋਂ ਇਹ ਮੌਜੂਦਾ ਵਰ੍ਹੇ ਦਾ ਤੀਜਾ ਸਭ ਤੋਂ ਵੱਡਾ ਹਵਾਈ ਹਮਲਾ ਹੈ। ਇਹ ਹਮਲੇ ਉਸ ਸਮੇਂ ਹੋਏ ਹਨ ਜਦੋਂ ਅਮਰੀਕਾ ਦੀ ਅਗਵਾਈ ਹੇਠ ਰੂਸ ਅਤੇ ਯੂਕਰੇਨ ਵਿਚਾਲੇ ਸ਼ਾਂਤੀ ਸਮਝੌਤੇ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਜੰਗ ਖ਼ਤਮ ਕਰਨ ਦੀ ਸਾਰਥਕ ਵਾਰਤਾ ਦੇ ਕੋਈ ਸੰਕੇਤ ਨਹੀਂ ਹਨ। ਉਨ੍ਹਾਂ ਕੌਮਾਂਤਰੀ ਭਾਈਚਾਰੇ ਨੂੰ ਰੂਸ ’ਤੇ ਦਬਾਅ ਪਾਉਣ ਦੀ ਅਪੀਲ ਕੀਤੀ ਹੈ।
ਵਾਰਤਾ ’ਚ ਟਰੰਪ ਵੀ ਹੋ ਸਕਦੇ ਨੇ ਸ਼ਾਮਲ
ਰੂਸ ਅਤੇ ਯੂਕਰੇਨ ਵਿਚਾਲੇ ਸ਼ਾਂਤੀ ਵਾਰਤਾ ਸ਼ੁਰੂ ਕਰਨ ਬਾਰੇ ਕੌਮੀ ਸੁਰੱਖਿਆ ਸਲਾਹਕਾਰਾਂ ਅਤੇ ਫੌਜੀ ਅਧਿਕਾਰੀਆਂ ਵਿਚਾਲੇ ਵਿਚਾਰ ਵਟਾਂਦਰਾ ਹੋ ਰਿਹਾ ਹੈ। ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਮੁਤਾਬਕ ਵਾਰਤਾ ਬਾਰੇ 10 ਦਿਨਾਂ ਦੇ ਅੰਦਰ ਸਭ ਕੁਝ ਸਪੱਸ਼ਟ ਹੋ ਜਾਵੇਗਾ। ਉਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਸਿੱਧੀ ਗੱਲਬਾਤ ਲਈ ਰਾਜ਼ੀ ਹਨ। ਜ਼ੇਲੈਂਸਕੀ ਨੇ ਕਿਹਾ ਕਿ ਵਾਰਤਾ ’ਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੀ ਸ਼ਾਮਲ ਹੋ ਸਕਦੇ ਹਨ। ਉਧਰ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਕਿ ਯੂਕਰੇਨ ’ਚ ਸੁਰੱਖਿਆ ਪ੍ਰਬੰਧਾਂ ਬਾਰੇ ਵਾਰਤਾ ਮਾਸਕੋ ਦੀ ਸ਼ਮੂਲੀਅਤ ਤੋਂ ਬਿਨਾਂ ਸੰਭਵ ਨਹੀਂ ਹੈ। -ਏਪੀ