DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰੂਸ ਵੱਲੋਂ ਯੂਕਰੇਨ ਦੀ ਓਡੇਸਾ ਬੰਦਰਗਾਹ ’ਤੇ ਹਮਲੇ ਜਾਰੀ

ਬੰਦਰਗਾਹ ਤੋਂ ਅਨਾਜ ਦੀ ਜ਼ਰੂਰੀ ਸਪਲਾਈ ’ਚ ਵਿਘਨ ਪਿਆ; ਮਿਜ਼ਾਈਲਾਂ ਤੇ ਡਰੋਨਾਂ ਦਾ ਮਲਬਾ ਡਿੱਗਣ ਕਾਰਨ 12 ਫੱਟੜ
  • fb
  • twitter
  • whatsapp
  • whatsapp
featured-img featured-img
ਓਡੇਸਾ ਬੰਦਰਗਾਹ ’ਤੇ ਲੱਗੀ ਅੱਗ ਨੂੰ ਬੁਝਾਉਂਦੇ ਹੋਏ ਫਾਇਰ ਬ੍ਰਿਗੇਡ ਦੇ ਕਰਮਚਾਰੀ। -ਫੋਟੋ: ਰਾਇਟਰਜ਼
Advertisement

ਕੀਵ, 19 ਜੁਲਾਈ

ਰੂਸ ਵੱਲੋਂ ਰਾਤ ਵੇਲੇ ਕੀਤੇ ਹਵਾਈ ਹਮਲਿਆਂ ’ਚ ਯੂਕਰੇਨ ਦੀ ਇਕ ਬੰਦਰਗਾਹ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਰੂਸ ਨੇ ਮਿਜ਼ਾਈਲਾਂ ਤੇ ਡਰੋਨਾਂ ਨਾਲ ਹਮਲੇ ਕੀਤੇ ਹਨ। ਇਨ੍ਹਾਂ ਨਾਲ ਓਡੇਸਾ ਬੰਦਰਗਾਹ ’ਤੇ ਅਨਾਜ ਤੇ ਤੇਲ ਦੇ ਟਰਮੀਨਲ ਨੁਕਸਾਨੇ ਗਏ ਹਨ। ਹਮਲਿਆਂ ਵਿਚ ਕਰੀਬ 12 ਜਣੇ ਫੱਟੜ ਹੋਏ ਹਨ। ਜ਼ਿਕਰਯੋਗ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਪਹਿਲਾਂ ਹੀ ਇਸ ਬੰਦਰਗਾਹ ਨਾਲ ਸਬੰਧਤ ਅਨਾਜ ਦੀ ਸਪਲਾਈ ਬਾਰੇ ਹੋਇਆ ਸਮਝੌਤਾ ਤੋੜ ਚੁੱਕੇ ਹਨ। ਇਸ ਬੰਦਰਗਾਹ ਤੋਂ ਹੋਰਨਾਂ ਮੁਲਕਾਂ ਨੂੰ ਹੁੰਦੀ ਅਨਾਜ ਦੀ ਬਰਾਮਦ ਵਿਚ ਅੜਿੱਕਾ ਨਾ ਪਾਉਣ ਬਾਰੇ ਰੂਸ ਤੇ ਯੂਕਰੇਨ ਵਿਚਾਲੇ ਸਮਝੌਤਾ ਹੋਇਆ ਸੀ। ਹਮਲਿਆਂ ਕਾਰਨ ਹੁਣ ਵੱਖ-ਵੱਖ ਮੁਲਕਾਂ ਨੂੰ ਹੁੰਦੀ ਅਨਾਜ ਦੀ ਜ਼ਰੂਰੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ ਤੇ ਕਈ ਮੁਲਕਾਂ ਵਿਚ ਭੁੱਖਮਰੀ ਦਾ ਖ਼ਤਰਾ ਵਧ ਰਿਹਾ ਹੈ। ਇਸੇ ਦੌਰਾਨ ਕ੍ਰੀਮੀਆ ਵਿਚ ਮੌਜੂਦ ਰੂਸ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ 2200 ਤੋਂ ਵੱਧ ਲੋਕਾਂ ਨੂੰ ਪਿੰਡਾਂ ਵਿਚੋਂ ਕੱਢਿਆ ਗਿਆ ਹੈ। ਇੱਥੇ ਇਕ ਫ਼ੌਜੀ ਟਿਕਾਣੇ ਨੂੰ ਅੱਗ ਲੱਗ ਗਈ ਹੈ। ਜ਼ਿਕਰਯੋਗ ਹੈ ਕਿ ਕ੍ਰੀਮੀਆ ’ਤੇ ਰੂਸ ਦਾ ਕਬਜ਼ਾ ਹੈ। ਓਡੇਸਾ ’ਤੇ ਰੂਸ ਨੇ ਲਗਾਤਾਰ ਦੂਜੇ ਦਿਨ ਹੱਲਾ ਬੋਲਿਆ ਹੈ। ਰੂਸ ਵੱਲੋਂ ਦਾਗੀਆਂ ਮਿਜ਼ਾਈਲਾਂ ਤੇ ਡਰੋਨਾਂ ਦਾ ਮਲਬਾ ਕਈ ਰਿਹਾਇਸ਼ੀ ਇਮਾਰਤਾਂ, ਸਮੁੰਦਰ ਨੇੜਲੇ ਹੋਟਲਾਂ ਤੇ ਗੁਦਾਮਾਂ ਉਤੇ ਡਿੱਗਿਆ ਹੈ। ਯੂਕਰੇਨ ਨੇ ਕਈ ਮਿਜ਼ਾਈਲਾਂ ਤੇ ਡਰੋਨਾਂ ਨੂੰ ਡੇਗਣ ਦਾ ਦਾਅਵਾ ਕੀਤਾ ਹੈ। -ਏਪੀ

Advertisement

ਚੀਨ ਵੱਲੋਂ ਰੂਸ ਨਾਲ ਰਲ ਕੇ ਜੰਗੀ ਅਭਿਆਸ ਦੀ ਤਿਆਰੀ

ਪੇਈਚਿੰਗ: ਚੀਨ ਨੇ ਅੱਜ ਦੱਸਿਆ ਕਿ ਉਸ ਵੱਲੋਂ ਰੂਸ ਦੀ ਜਲ ਸੈਨਾ ਨਾਲ ਜੰਗੀ ਅਭਿਆਸ ਲਈ ਆਪਣੇ ਸਮੁੰਦਰੀ ਜਹਾਜ਼ ਰਵਾਨਾ ਕਰ ਦਿੱਤੇ ਗਏ ਹਨ। ਰੂਸ ਵੱਲੋਂ ਯੂਕਰੇਨ ’ਤੇ ਹਮਲੇ ਦੇ ਬਾਵਜੂਦ ਚੀਨ, ਮਾਸਕੋ ਦਾ ਸਮਰਥਨ ਕਰ ਰਿਹਾ ਹੈ। ਚੀਨ ਹਾਲਾਂਕਿ ਇਸ ਟਕਰਾਅ ’ਚ ਨਿਰਪੱਖ ਰਹਿਣ ਦਾ ਦਾਅਵਾ ਕਰ ਰਿਹਾ ਹੈ, ਪਰ ਨਾਲ ਹੀ ਉਹ ਅਮਰੀਕਾ ਤੇ ਉਸ ਦੇ ਸਾਥੀ ਮੁਲਕਾਂ ’ਤੇ ਰੂਸ ਨੂੰ ਭੜਕਾਉਣ ਦਾ ਦੋਸ਼ ਲਾਉਂਦਾ ਰਿਹਾ ਹੈ। ਚੀਨ ਲਗਾਤਾਰ ਰੂਸ ਨਾਲ ਕਰੀਬੀ ਆਰਥਿਕ, ਕੂਟਨੀਤਕ ਤੇ ਵਪਾਰਕ ਸਾਂਝ ਕਾਇਮ ਰੱਖ ਰਿਹਾ ਹੈ। ਦੋਵਾਂ ਦੇਸ਼ਾਂ ਵੱਲੋਂ ਕੀਤੇ ਜਾਣ ਵਾਲੇ ਜੰਗੀ ਅਭਿਆਸ ਵਿਚ 10 ਸਮੁੰਦਰੀ ਜਹਾਜ਼ ਤੇ 30 ਤੋਂ ਵੱਧ ਹਵਾਈ ਜਹਾਜ਼ ਹਿੱਸਾ ਲੈਣਗੇ। -ਏਪੀ

ਅਨਾਜ ਦੀ ਸਪਲਾਈ ਸਬੰਧੀ ਸਮਝੌਤੇ ਦੀ ਬਹਾਲੀ ਲਈ ਭਾਰਤ ਯਤਨਸ਼ੀਲ

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਵੱਲੋਂ ਕਾਲੇ ਸਾਗਰ ਨਾਲ ਲੱਗਦੀ ਯੂਕਰੇਨ ਦੀ ਬੰਦਰਗਾਹ ਤੋਂ ਅਨਾਜ ਦੀ ਨਿਰਵਿਘਨ ਸਪਲਾਈ ਜਾਰੀ ਰੱਖਣ ਲਈ ਹੋਏ ਸਮਝੌਤੇ ਦੀ ਬਹਾਲੀ ਲਈ ਕੀਤੇ ਜਾ ਰਹੇ ਯਤਨਾਂ ਦਾ ਭਾਰਤ ਨੇ ਸਮਰਥਨ ਕੀਤਾ ਹੈ। ਜ਼ਿਕਰਯੋਗ ਹੈ ਕਿ ਰੂਸ ਨੇ ਇਸ ਸਬੰਧੀ ਸਮਝੌਤਾ ਤੋੜ ਦਿੱਤਾ ਹੈ ਤੇ ਬੰਦਰਗਾਹ ਉਤੇ ਹਮਲਾ ਕੀਤਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਵਿਚ ਇਕ ਚਰਚਾ ’ਚ ਹਿੱਸਾ ਲੈਂਦਿਆਂ ਭਾਰਤ ਦੀ ਸਥਾਈ ਪ੍ਰਤੀਨਿਧ ਰੁਚਿਰਾ ਕੰਬੋਜ ਨੇ ਕਿਹਾ ਕਿ ਨਵੀਂ ਦਿੱਲੀ ਇਸ ਮਾਮਲੇ ਬਾਰੇ ਫਿਕਰਮੰਦ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਆਸ ਹੈ ਕਿ ਇਹ ਮਸਲਾ ਜਲਦੀ ਹੱਲ ਹੋਵੇਗਾ ਤੇ ਸਪਲਾਈ ਕਾਇਮ ਰਹੇਗੀ। ਉਨ੍ਹਾਂ ਕਿਹਾ ਕਿ ਭਾਰਤ ਯੂਕਰੇਨ ਵਿਚ ਹੋ ਰਹੀਆਂ ਮੌਤਾਂ ਤੇ ਲੋਕਾਂ ਲਈ ਖੜ੍ਹੇ ਹੋਏ ਸੰਕਟ ਤੋਂ ਚਿੰਤਤ ਹੈ। ਕੰਬੋਜ ਨੇ ਕਿਹਾ ਕਿ ਯੂਕਰੇਨ ਸੰਕਟ ਬਾਰੇ ਭਾਰਤ ਦੀ ਪਹੁੰਚ ਲੋਕ-ਪੱਖੀ ਹੀ ਰਹੇਗੀ। ਉਨ੍ਹਾਂ ਕਿਹਾ ਕਿ ਭਾਰਤ ਯੂਕਰੇਨ ਤੇ ਹੋਰ ਕਈ ਮੁਲਕਾਂ ਨੂੰ ਲੋੜੀਂਦੀ ਸਹਾਇਤਾ ਦੇ ਰਿਹਾ ਹੈ। ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਵੀ ਸਮਝੌਤਾ ਟੁੱਟਣ ’ਤੇ ਫ਼ਿਕਰ ਜ਼ਾਹਿਰ ਕੀਤਾ ਹੈ। ਭਾਰਤ ਦੀ ਸਥਾਈ ਪ੍ਰਤੀਨਿਧ ਕੰਬੋਜ ਨੇ ਨਾਲ ਹੀ ਕਿਹਾ ਕਿ ਯੂਕਰੇਨ ਸੰਕਟ ਦੱਖਣੀ ਮੁਲਕਾਂ ’ਤੇ ਵੀ ਗਹਿਰਾ ਅਸਰ ਹੋ ਰਿਹਾ ਹੈ। ਨਾਗਰਿਕਾਂ ਤੇ ਨਾਗਰਿਕ ਢਾਂਚੇ ਉਤੇ ਹੋ ਰਹੇ ਹਮਲੇ ਡੂੰਘੀ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਕਿਹਾ ਕਿ ਭਾਰਤ ਤੁਰੰਤ ਜੰਗ ਖ਼ਤਮ ਕਰਨ ਤੇ ਸੰਵਾਦ-ਕੂਟਨੀਤੀ ਦੇ ਰਾਹ ਪੈਣ ਦਾ ਸੱਦਾ ਦਿੰਦਾ ਹੈ। -ਪੀਟੀਆਈ

Advertisement
×