ਟਰੰਪ-ਜ਼ੇਲੈਂਸਕੀ ਮੁਲਾਕਾਤ ਤੋਂ ਪਹਿਲਾਂ ਰੂਸ ਵੱਲੋਂ ਯੂਕਰੇਨ ’ਤੇ ਹਮਲਾ
ਖਾਰਕੀਵ ਦੇ ਮੁੱਖ ਹਸਪਤਾਲ ਨੂੰ ਬਣਾਇਆ ਨਿਸ਼ਾਨਾ; ਸੱਤ ਜ਼ਖ਼ਮੀ
ਰੂਸੀ ਫ਼ੌਜ ਨੇ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ’ਤੇ ਪੂਰੀ ਰਾਤ ਸ਼ਕਤੀਸ਼ਾਲੀ ਗਲਾਈਡ ਬੰਬਾਂ ਅਤੇ ਡਰੋਨਾਂ ਨਾਲ ਹਮਲਾ ਕੀਤਾ। ਯੂਕਰੇਨੀ ਅਧਿਕਾਰੀਆਂ ਨੇ ਦੱਸਿਆ ਕਿ ਹਸਪਤਾਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ ਵਿੱਚ ਸੱਤ ਜਣੇ ਜ਼ਖ਼ਮੀ ਹੋਏ ਹਨ। ਇਹ ਹਮਲਾ ਅਜਿਹੇ ਸਮੇਂ ਕੀਤਾ ਗਿਆ, ਜਦੋਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਅਮਰੀਕਾ ਤੋਂ ਹੋਰ ਫ਼ੌਜੀ ਮਦਦ ਮੰਗਣ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿਲਣ ਲਈ ਵਾਸ਼ਿੰਗਟਨ ਜਾਣ ਦੀ ਤਿਆਰੀ ਵਿੱਚ ਹਨ। ਖੇਤਰੀ ਮੁਖੀ ਓਲੇਹ ਸਿਨੀਹੁਬੋਵ ਨੇ ਕਿਹਾ ਕਿ ਯੂਕਰੇਨ ਦੇ ਉੰਤਰ-ਪੂਰਬ ਵਿੱਚ ਖਾਰਕੀਵ ’ਤੇ ਹੋਏ ਹਮਲੇ ਵਿੱਚ ਸ਼ਹਿਰ ਦੇ ਮੁੱਖ ਹਸਪਤਾਲ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਕਾਰਨ 50 ਮਰੀਜ਼ਾਂ ਨੂੰ ਬਾਹਰ ਕੱਢਣਾ ਪਿਆ। ਜ਼ੇਲੈਂਸਕੀ ਨੇ ਕਿਹਾ ਕਿ ਹਮਲੇ ਦਾ ਮੁੱਖ ਨਿਸ਼ਾਨਾ ਊਰਜਾ ਟਿਕਾਣੇ ਸਨ; ਹਾਲਾਂਕਿ ਉਨ੍ਹਾਂ ਹਮਲੇ ਦਾ ਵੇਰਵਾ ਨਹੀਂ ਦਿੱਤਾ। ਉਨ੍ਹਾਂ ਨੇ ਕਿਹਾ, ‘‘ਹਰ ਰੋਜ਼, ਹਰ ਰਾਤ ਰੂਸ ਬਿਜਲੀ ਪਲਾਂਟਾਂ, ਬਿਜਲੀ ਸਪਲਾਈ ਅਤੇ ਸਾਡੇ (ਕੁਦਰਤੀ) ਗੈਸ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ।’’ ਯੂਕਰੇਨ ਦੇ ਰਾਸ਼ਟਰਪਤੀ ਨੇ ਵੱਖ-ਵੱਖ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਰੂਸ ਦੇ ਲੰਮੀ ਦੂਰੀ ਦੇ ਹਮਲਿਆਂ ਨੂੰ ਰੋਕਣ ਵਿੱਚ ਮਦਦ ਕਰਨ ਅਤੇ ਇਸ ਦੇ ਟਾਕਰੇ ਲਈ ਯੂਕਰੇਨ ਨੂੰ ਹੋਰ ਹਵਾਈ ਰੱਖਿਆ ਪ੍ਰਣਾਲੀ ਮੁਹੱਈਆ ਕਰਵਾਉਣ। ਉਨ੍ਹਾਂ ਕਿਹਾ, ‘‘ਅਸੀਂ ਅਮਰੀਕਾ ਅਤੇ ਯੂਰੋਪ, ਜੀ-7 ਅਤੇ ਉਨ੍ਹਾਂ ਸਾਰੇ ਭਾਈਵਾਲਾਂ ਦੀ ਕਾਰਵਾਈ ’ਤੇ ਭਰੋਸਾ ਕਰ ਰਹੇ ਹਾਂ ਜਿਨ੍ਹਾਂ ਕੋਲ ਇਹ ਪ੍ਰਣਾਲੀਆਂ ਹਨ ਅਤੇ ਜੋ ਸਾਡੇ ਲੋਕਾਂ ਦੀ ਸੁਰੱਖਿਆ ਲਈ ਇਨ੍ਹਾਂ ਨੂੰ ਮੁਹੱਈਆ ਕਰਵਾ ਸਕਦੇ ਹਨ।’’ ਯੂਕਰੇਨੀ ਰਾਸ਼ਟਰਪਤੀ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਵਿੱਚ ਟਰੰਪ ਨੂੰ ਮਿਲਣ ਵਾਲੇ ਹਨ। ਇਸ ਦੌਰਾਨ ਯੂਕਰੇਨ ਨੂੰ ਅਮਰੀਕਾ ਵੱਲੋਂ ਲੰਮੀ ਦੂਰੀ ਤੱਕ ਮਾਰ ਕਰਨ ਵਾਲੇ ਹਥਿਆਰ ਦੇਣ ਬਾਰੇ ਚਰਚਾ ਦੀ ਉਮੀਦ ਹੈ।