ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਡੋਨਲਡ ਟਰੰਪ ਵਿਚਾਲੇ ਮੀਟਿੰਗ ਤੋਂ ਪਹਿਲਾਂ ਰੂਸ ਅਤੇ ਯੂਕਰੇਨ ਆਪੋ-ਆਪਣੇ ਪੱਧਰ ’ਤੇ ਸਰਗਰਮ ਹੋ ਗਏ ਹਨ। ਦੋਵੇਂ ਮੁਲਕ ਚਾਹੁੰਦੇ ਹਨ ਕਿ ਜੇ ਜੰਗ ਰੋਕਣ ਸਬੰਧੀ ਕੋਈ ਸਮਝੌਤਾ ਸਿਰੇ ਚੜ੍ਹਦਾ ਹੈ ਤਾਂ ਉਨ੍ਹਾਂ ਦੀਆਂ ਮੰਗਾਂ ਨੂੰ ਵੀ ਧਿਆਨ ’ਚ ਰੱਖਿਆ ਜਾਵੇ। ਪੂਤਿਨ ਯੂਕਰੇਨ ਦੇ ਚਾਰ ਖ਼ਿੱਤਿਆਂ ’ਤੇ ਕਬਜ਼ੇ ਦੀ ਮੰਗ ਕਰ ਰਹੇ ਹਨ, ਜਦਕਿ ਯੂਕਰੇਨ ਉਨ੍ਹਾਂ ਨੂੰ ਨਹੀਂ ਛੱਡਣਾ ਚਾਹੁੰਦਾ ਹੈ।
ਰੂਸ ਇਹ ਵੀ ਚਾਹੁੰਦਾ ਹੈ ਕਿ ਯੂਕਰੇਨ ਨਾਟੋ ’ਚ ਸ਼ਾਮਲ ਨਾ ਹੋਵੇ। ਰੂਸ ਨੇ ਇਸਤਾਂਬੁਲ ’ਚ ਵਾਰਤਾ ਦੌਰਾਨ ਯੂਕਰੇਨ ਨੂੰ 30 ਦਿਨਾਂ ਦੀ ਗੋਲੀਬੰਦੀ ਦੇ ਸਮਝੌਤੇ ਲਈ ਦੋ ਪੇਸ਼ਕਸ਼ਾਂ ਕੀਤੀਆਂ ਸਨ। ਰੂਸ ਨੇ ਕਿਹਾ ਸੀ ਕਿ ਯੂਕਰੇਨ ਦੋਨੇਤਸਕ, ਲੁਹਾਂਸਕ, ਜ਼ਾਪੋਰਿਜ਼ੀਆ ਅਤੇ ਖੇਰਸਾਨ ਖ਼ਿੱਤਿਆਂ ਤੋਂ ਆਪਣੀ ਫੌਜ ਵਾਪਸ ਸੱਦ ਲਵੇ ਜਿਨ੍ਹਾਂ ’ਤੇ ਮਾਸਕੋ ਨੇ ਸਤੰਬਰ 2022 ’ਚ ਗ਼ੈਰਕਾਨੂੰਨੀ ਢੰਗ ਨਾਲ ਕਬਜ਼ਾ ਕਰ ਲਿਆ ਸੀ।
ਇਸ ਤੋਂ ਇਲਾਵਾ ਪੱਛਮੀ ਮੁਲਕਾਂ ਤੋਂ ਹਥਿਆਰਾਂ ਦੀ ਦਰਾਮਦ ਰੋਕਣ ਅਤੇ ਯੂਕਰੇਨ ’ਚ ਕਿਸੇ ਤੀਜੇ ਮੁਲਕ ਦੀ ਫੌਜ ’ਤੇ ਪਾਬੰਦੀ ਲਗਾਉਣ ਦੀ ਵੀ ਮੰਗ ਕੀਤੀ ਸੀ। ਰੂਸ ਨੇ ਇਹ ਵੀ ਸੁਝਾਅ ਦਿੱਤਾ ਸੀ ਕਿ ਯੂਕਰੇਨ ਮਾਰਸ਼ਲ ਲਾਅ ਹਟਾ ਕੇ ਮੁਲਕ ’ਚ ਚੋਣਾਂ ਕਰਵਾਏ ਜਿਸ ਮਗਰੋਂ ਵਿਆਪਕ ਸ਼ਾਂਤੀ ਸੰਧੀ ’ਤੇ ਦਸਤਖ਼ਤ ਕੀਤੇ ਜਾ ਸਕਦੇ ਹਨ। ਉਧਰ ਯੂਕਰੇਨ ਚਾਹੁੰਦਾ ਹੈ ਕਿ 30 ਦਿਨਾਂ ਦੀ ਗੋਲੀਬੰਦੀ ਬਿਨਾਂ ਕਿਸੇ ਸ਼ਰਤ ਦੇ ਹੋਣੀ ਚਾਹੀਦੀ ਹੈ। ਯੂਕਰੇਨ ਨੇ ਰੂਸ ਦੀਆਂ ਸਾਰੀਆਂ ਮੰਗਾਂ ਖਾਰਜ ਕਰ ਦਿੱਤੀਆਂ ਅਤੇ ਮੰਗ ਕੀਤੀ ਕਿ ਸਾਰੇ ਕੈਦੀਆਂ ਦੀ ਅਦਲਾ-ਬਦਲੀ ਯਕੀਨੀ ਬਣਾਈ ਜਾਵੇ। ਉਸ ਨੇ ਸਮਝੌਤੇ ਦੀ ਪਾਲਣਾ ਮਗਰੋਂ ਰੂਸ ਖ਼ਿਲਾਫ਼ ਲੱਗੀਆਂ ਪਾਬੰਦੀਆਂ ’ਚੋਂ ਕੁਝ ਨੂੰ ਹਟਾਉਣ ਦੇ ਰਾਹ ਵੀ ਖੁੱਲ੍ਹੇ ਰੱਖੇ ਹੋਏ ਹਨ।