road accident in Pakistan ਪਾਕਿਸਤਾਨ: ਬੱਸ ਖੱਡ ’ਚ ਡਿੱਗੀ; 9 ਹਲਾਕ; 30 ਜ਼ਖਮੀ
ਇੱਥੇ ਇੱਕ ਬੱਸ ਖੱਡ ਵਿਚ ਡਿੱਗ ਗਈ ਜਿਸ ਕਾਰਨ 9 ਹਲਾਕ ਹੋ ਗਏ ਤੇ 30 ਤੋਂ ਵੱਧ ਜ਼ਖਮੀ ਹੋ ਗਏ। ਇਹ ਬੱਸ ਇਸਲਾਮਾਬਾਦ ਤੋਂ ਲਾਹੌਰ ਜਾ ਰਹੀ ਸੀ ਤੇ ਇਸ ਵਿਚ 40 ਯਾਤਰੀ ਸਵਾਰ ਸਨ। ਇਹ ਬੱਸ ਪੰਜਾਬ ਸੂਬੇ ਦੇ ਚਕਵਾਲ ਜ਼ਿਲ੍ਹੇ ਵਿੱਚ ਬਾਲਕਸਰ ਨੇੜੇ ਇੱਕ ਖੱਡ ਵਿੱਚ ਡਿੱਗ ਗਈ। ਚਕਵਾਲ ਬਚਾਅ 1122 ਐਮਰਜੈਂਸੀ ਸੇਵਾਵਾਂ ਦੇ ਬੁਲਾਰੇ ਅਨੁਸਾਰ ਇਸ ਬੱਸ ਦਾ ਇੱਕ ਟਾਇਰ ਫਟ ਗਿਆ ਜਿਸ ਤੋਂ ਬਾਅਦ ਇਹ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਤੇ ਪਲਟਣ ਤੋਂ ਬਾਅਦ ਖੱਡ ਵਿੱਚ ਡਿੱਗ ਗਈ। ਚਕਵਾਲ ਜ਼ਿਲ੍ਹਾ ਸਿਹਤ ਅਥਾਰਟੀ (ਡੀਐਚਏ) ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਸਈਦ ਅਖਤਰ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਹਾਦਸੇ ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ ਅਤੇ 30 ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਅੱਠ ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਮ੍ਰਿਤਕਾਂ ਵਿਚ ਬੱਸ ਡਰਾਈਵਰ ਵੀ ਸ਼ਾਮਲ ਹੈ। ਸਾਰੇ ਜ਼ਖਮੀਆਂ ਨੂੰ ਚਕਵਾਲ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਭੇਜਿਆ ਗਿਆ ਹੈ। ਦੱਸਣਾ ਬਣਦਾ ਹੈ ਕਿ ਪਾਕਿਸਤਾਨ ਵਿੱਚ ਸੜਕ ਹਾਦਸੇ ਆਮ ਹਨ। ਇਨ੍ਹਾਂ ਹਾਦਸਿਆਂ ਦਾ ਕਾਰਨ ਲਾਪ੍ਰਵਾਹੀ ਨਾਲ ਗੱਡੀ ਚਲਾਉਣਾ ਅਤੇ ਸੜਕਾਂ ਦੀ ਖਸਤਾ ਹਾਲਤ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੀੜਤਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਪੀਟੀਆਈ