DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਾਕਿਸਤਾਨ ਵੱਲੋਂ ਇਰਾਨ ਖ਼ਿਲਾਫ਼ ਜਵਾਬੀ ਕਾਰਵਾਈ

ਸਿਸਤਾਨ-ਬਲੋਚਿਸਤਾਨ ’ਚ ਦਹਿਸ਼ਤੀ ਟਿਕਾਣਿਆਂ ’ਤੇ ਕੀਤੇ ਹਮਲੇ; ਫ਼ੌਜੀ ਕਾਰਵਾਈ ’ਚ 9 ਵਿਅਕਤੀ ਹਲਾਕ
  • fb
  • twitter
  • whatsapp
  • whatsapp
Advertisement

ਇਸਲਾਮਾਬਾਦ, 18 ਜਨਵਰੀ

ਇਰਾਨ ਵੱਲੋਂ ਮਿਜ਼ਾਈਲ ਹਮਲੇ ਕਰਨ ਦੇ ਇਕ ਦਿਨ ਬਾਅਦ ਪਾਕਿਸਤਾਨ ਨੇ ਜਵਾਬੀ ਕਾਰਵਾਈ ਕਰਦਿਆਂ ਇਰਾਨ ਦੇ ਸਿਸਤਾਨ-ਬਲੋਚਿਸਤਾਨ ਸੂਬੇ ’ਚ ਬਲੋਚਿਸਤਾਨ ਲਿਬਰੇਸ਼ਨ ਆਰਮੀ ਅਤੇ ਬਲੋਚਿਸਤਾਨ ਲਿਬਰੇਸ਼ਨ ਫਰੰਟ ਦੇ ਦਹਿਸ਼ਤੀ ਟਿਕਾਣਿਆਂ ’ਤੇ ਹਮਲੇ ਕਰਨ ਦਾ ਦਾਅਵਾ ਕੀਤਾ ਹੈ। ਇਸ ਹਮਲੇ ’ਚ 9 ਵਿਅਕਤੀ ਮਾਰੇ ਗਏ। ਪਾਕਿਸਤਾਨ ਵੱਲੋਂ ਇਰਾਨ ਤੋਂ ਆਪਣਾ ਸਫ਼ੀਰ ਵਾਪਸ ਸੱਦਣ ਅਤੇ ਸਾਰੇ ਦੌਰੇ ਮੁਅੱਤਲ ਕਰਨ ਦੇ ਇਕ ਦਿਨ ਬਾਅਦ ਇਹ ਹਮਲੇ ਕੀਤੇ ਗਏ ਹਨ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਇਕ ਬਿਆਨ ’ਚ ਕਿਹਾ,‘‘ਅੱਜ ਸਵੇਰੇ ਪਾਕਿਸਤਾਨ ਨੇ ਇਰਾਨ ਦੇ ਸਿਸਤਾਨ-ਬਲੋਚਿਸਤਾਨ ਸੂਬੇ ’ਚ ਦਹਿਸ਼ਤੀ ਟਿਕਾਣਿਆਂ ’ਤੇ ਪੂਰੇ ਤਾਲਮੇਲ ਨਾਲ ਸਟੀਕ ਫ਼ੌਜੀ ਹਮਲੇ ਕੀਤੇ ਹਨ।’’ ਉਨ੍ਹਾਂ ਕਿਹਾ ਕਿ ਖ਼ੁਫ਼ੀਆ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਇਸ ਕਾਰਵਾਈ ’ਚ ਕਈ ਦਹਿਸ਼ਤਗਰਦ ਮਾਰੇ ਗਏ ਹਨ। ਇਸ ਕਾਰਵਾਈ ਦਾ ਕੋਡ ਨੇਮ ‘ਮਾਰਗ ਬਾਰ ਸਰਮਾਚਰ’ ਸੀ। ਫਾਰਸੀ ਭਾਸ਼ਾ ’ਚ ‘ਮਾਰਗ ਬਾਰ’ ਦਾ ਮਤਲਬ ‘ਮੌਤ’ ਹੈ ਜਦਕਿ ਬਲੋਚ ਭਾਸ਼ਾ ’ਚ ‘ਸਰਮਾਚਰ’ ਦਾ ਮਤਲਬ ਗੁਰੀਲਾ ਹੈ। ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਸ (ਆਈਐੱਸਪੀਆਰ) ਨੇ ਇਕ ਬਿਆਨ ’ਚ ਕਿਹਾ ਕਿ ਡਰੋਨ, ਰਾਕੇਟ, ਯੁੱਧ ਸਮੱਗਰੀ ਅਤੇ ਹੋਰ ਹਥਿਆਰਾਂ ਦੀ ਵਰਤੋਂ ਕਰਕੇ ਸਟੀਕ ਹਮਲੇ ਕੀਤੇ ਗਏ। ਪਾਕਿਸਤਾਨ ’ਚ ਸੂਤਰਾਂ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ ਛੇ ਵਜੇ ਹਥਿਆਰਬੰਦ ਬਲਾਂ ਦੇ ਜੁਆਇੰਟ ਸਟਾਫ਼ ਹੈੱਡਕੁਆਰਟਰ ਨੇ ਇਰਾਨ ਅੰਦਰ ਅਤਿਵਾਦ ਵਿਰੋਧੀ ਹਵਾਈ ਹਮਲਿਆਂ ਦਾ ਹੁਕਮ ਦਿੱਤਾ। ਇਕ ਸੂਤਰ ਨੇ ਕਿਹਾ ਕਿ ਇਹ ਹਮਲੇ ਪਾਕਿਸਤਾਨੀ ਹਵਾਈ ਸੈਨਾ ਦੇ ਜੈੱਟਾਂ ਵੱਲੋਂ ਕੀਤੇ ਗਏ।

Advertisement

ਪਾਕਿਸਤਾਨੀ ਹਮਲੇ ਮਗਰੋਂ ਨੁਕਸਾਨੀ ਇਮਾਰਤ ਨੂੰ ਦੇਖਦੇ ਹੋਏ ਇਰਾਨੀ ਲੋਕ। -ਫੋਟੋ: ਰਾਇਟਰਜ਼

ਹਮਲੇ ਸਮੇਂ ਲੜਾਕੂ ਜਹਾਜ਼ ਪਾਕਿਸਤਾਨੀ ਹਵਾਈ ਖੇਤਰ ਅੰਦਰ ਹੀ ਸਨ। ਮਨੁੱਖ ਰਹਿਤ ਜਹਾਜ਼ ਰਾਹੀਂ ਦਹਿਸ਼ਤਗਰਦਾਂ ਦੀ ਭਾਲ ਮਗਰੋਂ ਕੁੱਲ ਸੱਤ ਟਿਕਾਣਿਆਂ ਨੂੰ ਹਮਲੇ ਲਈ ਚੁਣਿਆ ਗਿਆ। ਆਈਐੱਸਪੀਆਰ ਨੇ ਕਿਹਾ,‘‘ਬਲੋਚਿਸਤਾਨ ਲਿਬਰੇਸ਼ਨ ਆਰਮੀ ਅਤੇ ਬਲੋਚਿਸਤਾਨ ਲਿਬਰੇਸ਼ਨ ਫਰੰਟ ਜਿਹੀਆਂ ਦਹਿਸ਼ਤੀ ਜਥੇਬੰਦੀਆਂ ਵੱਲੋਂ ਵਰਤੇ ਜਾ ਰਹੇ ਟਿਕਾਣਿਆਂ ’ਤੇ ਖ਼ੁਫ਼ੀਆ ਆਧਾਰ ’ਤੇ ਸਫ਼ਲਤਾਪੂਰਬਕ ਅਪਰੇਸ਼ਨ ਕੀਤਾ ਗਿਆ।’’ ਦੋਵੇਂ ਜਥੇਬੰਦੀਆਂ ਨੇ ਪਹਿਲਾਂ ਵੀ ਕਈ ਵਾਰ ਪਾਕਿਸਤਾਨ ’ਚ ਹਮਲੇ ਕੀਤੇ ਹਨ। ਉਧਰ ਇਰਾਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨਾਸਿਰ ਕਨਾਨੀ ਨੇ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਰਾਨ ਨੇ ਪਾਕਿਸਤਾਨੀ ਮਿਸ਼ਨ ਦੇ ਇੰਚਾਰਜ ਨੂੰ ਤਲਬ ਕਰਕੇ ਆਪਣਾ ਰੋਸ ਦਰਜ ਕਰਵਾਉਂਦਿਆਂ ਹਮਲੇ ਬਾਰੇ ਸਫ਼ਾਈ ਮੰਗੀ ਹੈ। ਸੂਬੇ ਦੇ ਉਪ ਗਵਰਨਰ ਅਲੀਰਜ਼ਾ ਮਰਹਮਤੀ ਦੇ ਹਵਾਲੇ ਨਾਲ ਸਰਕਾਰੀ ਪ੍ਰੈੱਸ ਟੀਵੀ ਨੇ ਕਿਹਾ ਕਿ ਹਮਲੇ ’ਚ ਤਿੰਨ ਔਰਤਾਂ ਅਤੇ ਚਾਰ ਬੱਚਿਆਂ ਸਮੇਤ 9 ਗ਼ੈਰ-ਇਰਾਨੀ ਨਾਗਰਿਕ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਇਰਾਨੀ ਸੁਰੱਖਿਆ ਅਧਿਕਾਰੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸੂਬੇ ਦੀ ਰਾਜਧਾਨੀ ਜ਼ਾਹੇਦਾਨ ਤੋਂ 347 ਕਿਲੋਮੀਟਰ ਦੂਰ ਦੱਖਣ-ਪੂਰਬ ’ਚ ਸਰਵਨ ਸ਼ਹਿਰ ਨੇੜੇ ਵੀ ਇਕ ਧਮਾਕਾ ਹੋਇਆ ਜਿਸ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਰਾਨ ਦੇ ਗ੍ਰਹਿ ਮੰਤਰੀ ਅਹਿਮਦ ਵਾਹਿਦੀ ਨੇ ਬਾਅਦ ’ਚ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ। ਇਰਾਨ ਦੇ ਹਮਲੇ ਅਤੇ ਪਾਕਿਸਤਾਨ ਦੀ ਜਵਾਬੀ ਕਾਰਵਾਈ ਨੇ ਪੱਛਮੀ ਏਸ਼ੀਆ ਦੇ ਅਸ਼ਾਂਤ ਖ਼ਿੱਤੇ ’ਚ ਫਿਕਰ ਵਧਾ ਦਿੱਤਾ ਹੈ ਜਿਥੇ ਪਹਿਲਾਂ ਤੋਂ ਹੀ ਗਾਜ਼ਾ ਪੱਟੀ ’ਚ ਹਮਾਸ ਖ਼ਿਲਾਫ਼ ਇਜ਼ਰਾਈਲ ਦੀ ਜੰਗ ਅਤੇ ਯਮਨ ਦੇ ਹੂਤੀ ਬਾਗ਼ੀਆਂ ਵੱਲੋਂ ਲਾਲ ਸਾਗਰ ’ਚ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਏ ਜਾਣ ਨਾਲ ਤਣਾਅ ਫੈਲਿਆ ਹੋਇਆ ਹੈ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਕਿਹਾ ਕਿ ਮੁਲਕ ਨੇ ਇਰਾਨ ਅੰਦਰ ਖੁਦ ਨੂੰ ‘ਸਰਮਾਚਰ’ ਆਖੇ ਜਾਣ ਵਾਲੇ ਪਾਕਿਸਤਾਨੀ ਮੂਲ ਦੇ ਦਹਿਸ਼ਤਗਰਦਾਂ ਦੇ ਸੁਰੱਖਿਅਤ ਟਿਕਾਣਿਆਂ ਬਾਰੇ ਇਰਾਨ ਕੋਲ ਲਗਾਤਾਰ ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ ਹਨ। ‘ਸਾਡੀਆਂ ਗੰਭੀਰ ਚਿੰਤਾਵਾਂ ’ਤੇ ਕਾਰਵਾਈ ਨਾ ਕੀਤੇ ਜਾਣ ਕਾਰਨ ਕਥਿਤ ਸਰਮਾਚਰ ਬੇਖ਼ੌਫ਼ ਹੋ ਕੇ ਬੇਕਸੂਰ ਪਾਕਿਸਤਾਨੀਆਂ ਦਾ ਖ਼ੂਨ ਵਹਾਉਂਦੇ ਰਹੇ। ਅੱਜ ਸਵੇਰੇ ਦੀ ਕਾਰਵਾਈ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਕੀਤੀ ਗਈ ਹੈ। ਇਹ ਕਾਰਵਾਈ ਸਾਰੇ ਖ਼ਤਰਿਆਂ ਖ਼ਿਲਾਫ਼ ਆਪਣੀ ਕੌਮੀ ਸੁਰੱਖਿਆ ਪ੍ਰਤੀ ਪਾਕਿਸਤਾਨ ਦੇ ਮਜ਼ਬੂਤ ਇਰਾਦੇ ਨੂੰ ਪ੍ਰਦਰਸ਼ਿਤ ਕਰਦੀ ਹੈ।’ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਕਿਸਤਾਨ ਆਪਣੇ ਲੋਕਾਂ ਦੀ ਰਾਖੀ ਅਤੇ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕਣਾ ਜਾਰੀ ਰਖੇਗਾ। ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਕਿਹਾ ਕਿ ਦੋਵੇਂ ਗੁਆਂਢੀ ਭਾਈਚਾਰਕ ਸਾਂਝ ਵਾਲੇ ਮੁਲਕ ਹਨ ਅਤੇ ਉਨ੍ਹਾਂ ਨੂੰ ਗੱਲਬਾਤ ਤੇ ਆਪਸੀ ਵਿਚਾਰ ਵਟਾਂਦਰੇ ਰਾਹੀਂ ਮਸਲਿਆਂ ਦਾ ਹੱਲ ਕੱਢਣਾ ਚਾਹੀਦਾ ਹੈ। -ਪੀਟੀਆਈ

ਚੀਨ ਵੱਲੋਂ ਤਣਾਅ ਘਟਾਉਣ ਲਈ ਉਸਾਰੂ ਭੂਮਿਕਾ ਨਿਭਾਉਣ ਦੀ ਪੇਸ਼ਕਸ਼

ਪੇਈਚਿੰਗ: ਚੀਨ ਨੇ ਪਾਕਿਸਤਾਨ ਅਤੇ ਇਰਾਨ ਵੱਲੋਂ ਇਕ-ਦੂਜੇ ਦੇ ਮੁਲਕ ’ਤੇ ਕੀਤੇ ਗਏ ਹਮਲਿਆਂ ਮਗਰੋਂ ਦੋਵੇਂ ਮੁਲਕਾਂ ਵਿਚਕਾਰ ਪੈਦਾ ਹੋਏ ਤਣਾਅ ਨੂੰ ਘਟਾਉਣ ’ਚ ਉਸਾਰੂ ਭੂਮਿਕਾ ਨਿਭਾਉਣ ਦੀ ਪੇਸ਼ਕਸ਼ ਕੀਤੀ ਹੈ। ਚੀਨ ਨੇ ਦੋਵੇਂ ਮੁਲਕਾਂ ਨੂੰ ਸੰਜਮ ਵਰਤਣ ਅਤੇ ਟਕਰਾਅ ਟਾਲਣ ਨੂੰ ਕਿਹਾ ਹੈ। ਉਂਜ ਇਸ ਘਟਨਾਕ੍ਰਮ ਨੇ ਚੀਨ ਨੂੰ ਦੁਚਿੱਤੀ ’ਚ ਫਸਾ ਦਿੱਤਾ ਹੈ ਕਿਉਂਕਿ ਪਾਕਿਸਤਾਨ ਉਸ ਦਾ ਕਰੀਬੀ ਮਿੱਤਰ ਹੈ ਜਦਕਿ ਇਰਾਨ ਨੇ ਪਿਛਲੇ ਕੁਝ ਵਰ੍ਹਿਆਂ ’ਚ ਪੱਛਮੀ ਏਸ਼ੀਆ ਖ਼ਿੱਤੇ ’ਚ ਚੀਨ ਨੂੰ ਆਪਣਾ ਅਸਰ ਵਧਾਉਣ ’ਚ ਮਦਦ ਕੀਤੀ ਹੈ। ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਓ ਨਿੰਗ ਨੇ ਪ੍ਰੈੱਸ ਕਾਨਫਰੰਸ ’ਚ ਪਾਕਿਸਤਾਨ ਵੱਲੋਂ ਇਰਾਨ ’ਤੇ ਕੀਤੇ ਗਏ ਹਮਲੇ ਤੋਂ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਉਂਜ ਮਾਓ ਨੇ ਕਿਹਾ ਕਿ ਚੀਨ ਦਾ ਹਮੇਸ਼ਾ ਮੰਨਣਾ ਹੈ ਕਿ ਮੁਲਕਾਂ ਵਿਚਕਾਰ ਸਬੰਧਾਂ ਨੂੰ ਸੰਯੁਕਤ ਰਾਸ਼ਟਰ ਚਾਰਟਰ ਅਤੇ ਕੌਮਾਂਤਰੀ ਕਾਨੂੰਨ ਦੇ ਉਦੇਸ਼ਾਂ ਤੇ ਸਿਧਾਂਤਾਂ ਦੇ ਆਧਾਰ ’ਤੇ ਸਿੱਝਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਮੁਲਕਾਂ ਦੀ ਖੁਦਮੁਖਤਿਆਰੀ, ਆਜ਼ਾਦੀ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਅਤੇ ਸੁਰੱਖਿਆ ਕੀਤੀ ਜਾਣੀ ਚਾਹੀਦੀ ਹੈ। -ਪੀਟੀਆਈ

Advertisement
×