ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਪ੍ਰਤੀ ਸਨਮਾਨ ਜ਼ਰੂਰੀ: ਜੈਸ਼ੰਕਰ
ਕੋਲੰਬੋ, 11 ਅਕਤੂਬਰ ਭਾਰਤ ਨੇ ਅਸਿੱਧੇ ਤੌਰ ’ਤੇ ਚੀਨ ਨੂੰ ਨਿਸ਼ਾਨੇ ’ਤੇ ਲੈਂਦਿਆਂ ਅੱਜ ਕਿਹਾ ਕਿ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਪ੍ਰਤੀ ਸਨਮਾਨ ਦੇ ਨਾਲ ਨਾਲ ਇੱਕ ਬਹੁ-ਪੱਖੀ ਨਿਯਮ ਆਧਾਰਿਤ ਕੌਮਾਂਤਰੀ ਪ੍ਰਬੰਧ ਹਿੰਦ ਮਹਾਸਾਗਰ ਨੂੰ ਇੱਕ ਮਜ਼ਬੂਤ ਭਾਈਚਾਰੇ ਵਜੋਂ ਸੁਰਜੀਤ ਕਰਨ...
ਕੋਲੰਬੋ, 11 ਅਕਤੂਬਰ
ਭਾਰਤ ਨੇ ਅਸਿੱਧੇ ਤੌਰ ’ਤੇ ਚੀਨ ਨੂੰ ਨਿਸ਼ਾਨੇ ’ਤੇ ਲੈਂਦਿਆਂ ਅੱਜ ਕਿਹਾ ਕਿ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਪ੍ਰਤੀ ਸਨਮਾਨ ਦੇ ਨਾਲ ਨਾਲ ਇੱਕ ਬਹੁ-ਪੱਖੀ ਨਿਯਮ ਆਧਾਰਿਤ ਕੌਮਾਂਤਰੀ ਪ੍ਰਬੰਧ ਹਿੰਦ ਮਹਾਸਾਗਰ ਨੂੰ ਇੱਕ ਮਜ਼ਬੂਤ ਭਾਈਚਾਰੇ ਵਜੋਂ ਸੁਰਜੀਤ ਕਰਨ ਦਾ ਆਧਾਰ ਹੈ। ਭਾਰਤ ਵੱਲੋਂ ਟਿੱਪਣੀ ਅਜਿਹੇ ਸਮੇਂ ਕੀਤੀ ਗਈ ਹੈ ਜਦੋਂ ਚੀਨ ਇਸ ਖੇਤਰ ’ਚ ਲਗਾਤਾਰ ਸ਼ਕਤੀ ਪ੍ਰਦਰਸ਼ਨ ਕਰ ਰਿਹਾ ਹੈ।
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇੱਥੇ ‘ਹਿੰਦ ਮਹਾਸਾਗਰ ਰਿਮ ਐਸੋਸੀਏਸ਼ਨ’ (ਆਈਓਆਰਏ) ਦੇ ਮੰਤਰੀਆਂ ਦੀ ਕੌਂਸਲ ਦੀ 23ਵੀਂ ਮੀਟਿੰਗ ’ਚ ਕਿਹਾ ਕਿ ਸਮੁੰਦਰੀ ਕਾਨੂੰਨ ਬਾਰੇ ਸੰਯੁਕਤ ਰਾਸ਼ਟਰ ਦੀ ਸੰਧੀ ਦੇ ਆਧਾਰ ’ਤੇ ਹਿੰਦ ਮਹਾਸਾਗਰ ਨੂੰ ਇੱਕ ਮੁਕਤ, ਖੁੱਲ੍ਹਾ ਤੇ ਸੰਮਲਿਤ ਸਥਾਨ ਬਣਾਏ ਰੱਖਣਾ ਮਹੱਤਵਪੂਰਨ ਹੈ। ਇਸ ਅਹਿਮ ਮੀਟਿੰਗ ’ਚ ਭਾਰਤ ਨੇ 2023-25 ਲਈ ਆਈਓਆਰਏ ਦੇ ਮੀਤ ਪ੍ਰਧਾਨ ਦਾ ਅਹੁਦਾ ਸੰਭਾਲਿਆ। ਇਸ ਮੌਕੇ ਜੈਸ਼ੰਕਰ ਨੇ ਕਿਹਾ, ‘ਅਸੀਂ ਹਿੰਦ ਮਹਾਸਾਗਰ ਖੇਤਰ ’ਚ ਸਮਰੱਥਾ ਨਿਰਮਾਣ ਤੇ ਸੁਰੱਖਿਆ ਯਕੀਨੀ ਬਣਾਉਣ ਵਿੱਚ ਪਹਿਲੇ ਜਵਾਬਦੇਹ ਵਜੋਂ ਯੋਗਦਾਨ ਪਾਉਣ ਦਾ ਆਪਣਾ ਦ੍ਰਿਸ਼ਟੀਕੋਣ ਜਾਰੀ ਰੱਖਣਗੇ।’ ਉਨ੍ਹਾਂ ਕਿਹਾ ਕਿ ਹਿੰਦ ਮਹਾਸਾਗਰ ਦੇ ਕਈ ਦੇਸ਼ਾਂ ਦੀ ਭਲਾਈ ਤੇ ਪ੍ਰਗਤੀ ਲਈ ਭਾਰਤ ਦੀ ਪ੍ਰਤੀਬੱਧਤਾ ਪਹਿਲਾਂ ਗੁਆਂਢੀ ਦੀ ਨੀਤੀ, ਸਾਗਰ ਦ੍ਰਿਸ਼ਟੀਕੋਣ, ਵਿਸਥਾਰਤ ਗੁਆਂਢ ਤੇ ਹਿੰਦ-ਪ੍ਰਸ਼ਾਂਤ ਪ੍ਰਤੀ ਉਸ ਦੇ ਨਜ਼ਰੀਏ ’ਤੇ ਆਧਾਰਿਤ ਹੈ। ਉਨ੍ਹਾਂ ਕਿਹਾ, ‘ਇੱਕ ਬਹੁ-ਪੱਖੀ ਨਿਯਮ ਆਧਾਰਿਤ ਕੌਮਾਂਤਰੀ ਪ੍ਰਬੰਧ, ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਪ੍ਰਤੀ ਸਨਮਾਨ ਹਿੰਦ ਮਹਾਸਾਗਰ ਨੂੰ ਇੱਕ ਮਜ਼ਬੂਤ ਭਾਈਚਾਰੇ ਵਜੋਂ ਸੁਰਜੀਤ ਕਰਨ ਦਾ ਆਧਾਰ ਬਣਿਆ ਹੋਇਆ ਹੈ।’ ਉਨ੍ਹਾਂ ਕਿਹਾ, ‘ਵਾਸੁਦੇਵ ਕੁਟੁੰਬਕਮ ਜਾਂ ਦੁਨੀਆ ਇੱਕ ਪਰਿਵਾਰ ਦਾ ਸੁਨੇਹਾ ਆਈਓਆਰਏ ਦੇ ਮੈਂਬਰ ਮੁਲਕਾਂ ਨੂੰ ਇਕੱਠਿਆਂ ਲਿਆ ਕੇ ਬੰਨ੍ਹਣ ਵਾਲੀ ਸ਼ਕਤੀ ਹੋ ਸਕਦੀ ਹੈ।’ ਜੈਸ਼ੰਕਰ ਨੇ ਕਿਹਾ ਟ੍ਰੋਇਕਾ (ਸ੍ਰੀਲੰਕਾ-ਭਾਰਤ-ਬੰਗਲਾਦੇਸ਼) ਦੇ ਮੀਤ ਪ੍ਰਧਾਨ ਤੇ ਮੈਂਬਰ ਵਜੋਂ ਭਾਰਤ ਦੀਆਂ ਤਰਜੀਹਾਂ ਸਪੱਸ਼ਟ ਹਨ। ਉਨ੍ਹਾਂ ਕਿਹਾ, ‘ਸਾਡੀ ਕੋਸ਼ਿਸ਼ ਇੱਕ ਅਜਿਹੇ ਹਿੰਦ ਮਹਾਸਾਗਰ ਭਾਈਚਾਰੇ ਨੂੰ ਵਿਕਸਿਤ ਕਰਨਾ ਹੈ ਜੋ ਸਥਿਰ ਤੇ ਖੁਸ਼ਹਾਲ, ਮਜ਼ਬੂਤ ਤੇ ਲਚੀਲੇ ਰੁਖ ਵਾਲਾ ਹੋਵੇ ਅਤੇ ਜੋ ਮਹਾਸਾਗਰ ਦੀ ਜ਼ਦ ’ਚ ਸਹਿਯੋਗ ਕਰਨ ਦੇ ਨਾਲ-ਨਾਲ ਉਸ ਤੋਂ ਪਾਰ ਹੋਣ ਵਾਲੀਆਂ ਘਟਨਾਵਾਂ ’ਤੇ ਪ੍ਰਤੀਕਿਰਿਆ ਦੇਣ ਵਿੱਚ ਸਮਰੱਥ ਹੋਵੇ।’ -ਪੀਟੀਆਈ
ਵਿਦੇਸ਼ ਮੰਤਰੀ ਵੱਲੋਂ ਰਾਸ਼ਟਰਪਤੀ ਵਿਕਰਮਸਿੰਘੇ ਨਾਲ ਮੁਲਾਕਾਤ
ਕੋਲੰਬੋ: ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅੱਜ ਇੱਥੇ ਸ੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਨਾਲ ਮੁਲਾਕਾਤ ਕਰਕੇ ਦੋਵਾਂ ਮੁਲਕਾਂ ਦਰਮਿਆਨ ਦੁਵੱਲੇ ਸਬੰਧਾਂ ਬਾਰੇ ਚਰਚਾ ਕੀਤੀ। ਜੈਸ਼ੰਕਰ ਨੇ ਵਿਕਰਮਸਿੰਘੇ ਨਾਲ ਰਾਸ਼ਟਰਪਤੀ ਸਕੱਤਰੇਤ ’ਚ ਮੁਲਾਕਾਤ ਕੀਤੀ। ਰਾਸ਼ਟਰਪਤੀ ਦਫ਼ਤਰ ਨੇ ਦੱਸਿਆ ਕਿ ਇਸ ਮੁਲਾਕਾਤ ਦੌਰਾਨ ਦੋਵਾਂ ਆਗੂਆਂ ਨੇ ਭਾਰਤ ਤੇ ਸ੍ਰੀਲੰਕਾ ਵਿਚਾਲੇ ਸਬੰਧ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਦੋਵਾਂ ਮੁਲਕਾਂ ਵਿਚਾਲੇ ਆਪਸੀ ਸਹਿਯੋਗ ਵਧਾਉਣ ਲਈ ਤਿੰਨ ਦੁਵੱਲੇ ਸਮਝੌਤੇ ਵੀ ਕੀਤੇ ਗਏ। -ਪੀਟੀਆਈ

