ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਭਾਸ਼ਣ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਮਾਮਲੇ ’ਚ ਉੱਘੇ ਮੀਡੀਆ ਅਦਾਰੇ ਬੀ ਬੀ ਸੀ ਦੇ ਦੋ ਅਧਿਕਾਰੀਆਂ ਡਾਇਰੈਕਟਰ-ਜਨਰਲ ਟਿਮ ਡੇਵੀ ਅਤੇ ਨਿਊਜ਼ ਡਿਵੀਜ਼ਨ ਦੀ ਮੁਖੀ ਡੈਬਰਾ ਟਰਨੈੱਸ ਨੇ ਅਸਤੀਫ਼ੇ ਦੇ ਦਿੱਤੇ ਹਨ।
ਪੱਖਪਾਤ ਦੇ ਦੋਸ਼ਾਂ ਮਗਰੋਂ ਦੋਹਾਂ ਵੱਲੋਂ ਦਿੱਤੇ ਅਸਤੀਫ਼ਿਆਂ ਦਾ ਸ੍ਰੀ ਟਰੰਪ ਨੇ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਦਾ ਭਾਸ਼ਣ ਸੰਪਾਦਿਤ ਕੀਤਾ ਗਿਆ ਸੀ, ਉਹ ਰਾਸ਼ਟਰਪਤੀ ਚੋਣਾਂ ਨੂੰ ਇਕਪਾਸੜ ਕਰਨ ਦੀ ਕੋਸ਼ਿਸ਼ ਸੀ। ਬੀ ਬੀ ਸੀ ਨੂੰ 6 ਜਨਵਰੀ, 2021 ਨੂੰ ਵਾਸ਼ਿੰਗਟਨ ’ਚ ਕੈਪੀਟਲ ਹਿੱਲ ’ਚ ਪ੍ਰਦਰਸ਼ਨਕਾਰੀਆਂ ਦੇ ਦਾਖ਼ਲੇ ਤੋਂ ਪਹਿਲਾਂ ਸ੍ਰੀ ਟਰੰਪ ਦਾ ਭਾਸ਼ਣ ਸੰਪਾਦਿਤ ਕਰਨ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ‘ਪੈਨੋਰਮਾ’ ਦਸਤਾਵੇਜ਼ੀ ਪ੍ਰੋਗਰਾਮ ’ਚ ਭਾਸ਼ਣ ਦੇ ਦੋ ਹਿੱਸਿਆਂ ਨੂੰ ਇਸ ਢੰਗ ਨਾਲ ਜੋੜਿਆ ਗਿਆ ਕਿ ਸ੍ਰੀ ਟਰੰਪ ਆਪਣੇ ਹਮਾਇਤੀਆਂ ਨੂੰ ਮਾਰਚ ਕਰਨ ਦੀ ਅਪੀਲ ਕਰਦਿਆਂ ‘ਡਟ ਕੇ ਲੜਨ’ ਦਾ ਸੱਦਾ ਦੇ ਰਹੇ ਹਨ। ਭਾਸ਼ਣ ਦਾ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਦੀ ਗੱਲ ਵਾਲਾ ਹਿੱਸਾ ਕੱਟ ਦਿੱਤਾ ਗਿਆ ਸੀ। ਮੁਲਾਜ਼ਮਾਂ ਨੂੰ ਲਿਖੇ ਪੱਤਰ ’ਚ ਟਿਮ ਡੇਵੀ ਨੇ ਕਿਹਾ ਕਿ ਕੁਝ ਗਲਤੀਆਂ ਹੋਈਆਂ ਹਨ ਅਤੇ ਉਨ੍ਹਾਂ ਨੂੰ ਜ਼ਿੰਮੇਵਾਰੀ ਲੈਣੀ ਪਵੇਗੀ। ਉਧਰ ਬੀ ਬੀ ਸੀ ਨੇ ਕਿਹਾ ਕਿ ਉਸ ਨੂੰ ਇੱਕ ਚਿੱਠੀ ਮਿਲੀ ਹੈ ਜਿਸ ’ਚ ਟਰੰਪ ਵੱਲੋਂ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਗਈ ਹੈ।
ਚੇਅਰਮੈਨ ਨੇ ਮੁਆਫ਼ੀ ਮੰਗੀ
ਲੰਡਨ: ਬੀ ਬੀ ਸੀ ਦੇ ਚੇਅਰਮੈਨ ਸਮੀਰ ਸ਼ਾਹ ਨੇ ਡੋਨਲਡ ਟਰੰਪ ਦੇ ਭਾਸ਼ਣ ਦੀ ਐਡੀਟਿੰਗ ’ਚ ਹੋਈ ਕੋਤਾਹੀ ਲਈ ਮੁਆਫ਼ੀ ਮੰਗੀ ਹੈ। ਉਨ੍ਹਾਂ ਕਾਨੂੰਨਸਾਜ਼ਾਂ ਨੂੰ ਲਿਖੇ ਪੱਤਰ ’ਚ ਕਿਹਾ ਕਿ ਉਹ ਇਹ ਗੱਲ ਮੰਨਦੇ ਹਨ ਕਿ ਜਿਸ ਢੰਗ ਨਾਲ ਭਾਸ਼ਣ ਸੰਪਾਦਿਤ ਕੀਤਾ ਗਿਆ ਸੀ, ਉਸ ਤੋਂ ਇਹ ਪ੍ਰਭਾਵ ਗਿਆ ਕਿ ਹਿੰਸਾ ਲਈ ਸਿੱਧੇ ਤੌਰ ’ਤੇ ਸੱਦਾ ਦਿੱਤਾ ਗਿਆ ਹੈ।

