ਕਵਾਤੜਾ ਵੱਲੋਂ ਅਮਰੀਕੀ ਸੰਸਦ ਮੈਂਬਰਾਂ ਨਾਲ ਦੁਵੱਲੇ ਵਪਾਰ ਬਾਰੇ ਚਰਚਾ
ਭਾਰਤੀ ਸਫ਼ੀਰ ਵਿਨੈ ਮੋਹਨ ਕਵਾਤੜਾ ਨੇ ਭਾਰਤ ਅਤੇ ਅਮਰੀਕਾ ਵਿਚਾਲੇ ਜਾਰੀ ਟੈਰਿਫ ਤਣਾਅ ਦਰਮਿਆਨ ਅਮਰੀਕੀ ਸੰਸਦ ਮੈਂਬਰਾਂ ਨਾਲ ਢੁੱਕਵੇਂ, ਸੰਤੁਲਿਤ ਅਤੇ ਦੁਵੱਲੇ ਲਾਭਕਾਰੀ ਵਪਾਰ ਸਬੰਧਾਂ ਬਾਰੇ ਚਰਚਾ ਕੀਤੀ। ਭਾਰਤੀ ਸਫ਼ੀਰ ਨੇ ਪਿਛਲੇ 24 ਘੰਟਿਆਂ ’ਚ ਚਾਰ ਅਮਰੀਕੀ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ ਹੈ। ਉਹ 9 ਅਗਸਤ ਤੋਂ ਹੁਣ ਤੱਕ 23 ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰ ਚੁੱਕੇ ਹਨ। ਕਵਾਤੜਾ ਨੇ ਸ਼ਨਿਚਰਵਾਰ ਨੂੰ ਸੰਸਦ ਮੈਂਬਰ ਜੋਇ ਕਰਟਨੀ ਨਾਲ ਮੁਲਾਕਾਤ ਕੀਤੀ ਅਤੇ ਦੋਵੇਂ ਮੁਲਕਾਂ ਵਿਚਾਲੇ ਦੁਵੱਲੀ ਭਾਈਵਾਲੀ ਦੀ ਹਮਾਇਤ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਸਦਨ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਗੈਬੇ ਅਮੋ ਨਾਲ ਵੀ ਸਾਰਥਕ ਚਰਚਾ ਕੀਤੀ। ਉਨ੍ਹਾਂ ਸੰਸਦ ਮੈਂਬਰਾਂ ਜੈਰੇਡ ਮੋਸਕੋਵਿਟਜ਼ ਅਤੇ ਬੇਨ ਕਲਾਈਨ ਨਾਲ ਵੀ ਵਪਾਰ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ। ਕਵਾਤੜਾ ਨੇ ਭਾਰਤ ਵੱਲੋਂ ਅਮਰੀਕਾ ਤੋਂ ਹਾਈਡਰੋਕਾਰਬਨ ਖ਼ਰੀਦ ਦਾ ਹਵਾਲਾ ਵੀ ਦਿੱਤਾ ਅਤੇ ਕਿਹਾ ਕਿ ਇਹ ਊਰਜਾ ਸੁਰੱਖਿਆ ਦਾ ਅਹਿਮ ਹਿੱਸਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ’ਤੇ 50 ਫ਼ੀਸਦ ਟੈਰਿਫ ਲਗਾਏ ਜਾਣ ਮਗਰੋਂ ਦੋਵੇਂ ਮੁਲਕਾਂ ਵਿਚਾਲੇ ਪੈਦਾ ਹੋਏ ਤਣਾਅ ਦਰਮਿਆਨ ਕਵਾਤੜਾ ਨੇ ਕੂਟਨੀਤਕ ਪੱਧਰ ’ਤੇ ਹਾਲਾਤ ਸੁਖਾਵੇਂ ਬਣਾਉਣ ਦੀਆਂ ਕੋਸ਼ਿਸ਼ਾਂ ਵਿੱਢੀਆਂ ਹੋਈਆਂ ਹਨ। -ਪੀਟੀਆਈ