ਪੂਤਿਨ ਅਤੇ ਸ਼ੀ ਨੇ G7 ਸਿਖਰ ਸੰਮੇਲਨ ਦੌਰਾਨ ਨੇਤਾਵਾਂ ਵਿਚਕਾਰ ਟਕਰਾਅ ਦੀ ਸਥਿਤੀ ਬਾਰੇ ਕੀਤੀ ਚਰਚਾ: ਕਰੈਮਲਿਨ
ਸੇਂਟ ਪੀਟਰਸਬਰਗ, 19 ਜੂਨ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਫੋਨ ਕਾਲ ’ਤੇ ਇਸ ਹਫ਼ਤੇ ਹੋਏ G7 ਸਿਖਰ ਸੰਮੇਲਨ ਦੌਰਾਨ ਨੇਤਾਵਾਂ ਵਿਚਕਾਰ ਟਕਰਾਅ ਦੀ ਸਥਿਤੀ ਬਾਰੇ ਚਰਚਾ ਕੀਤੀ।
ਕੈਨੇਡਾ ਵਿੱਚ ਹੋਈ ਮੀਟਿੰਗ ਦੌਰਾਨ ਅਮੀਰ ਦੇਸ਼ਾਂ ਦੇ ਸਮੂਹ ਨੂੰ ਯੂਕਰੇਨ ਵਿੱਚ ਜੰਗ ਸਬੰਧੀ ਏਕਤਾ ਲਿਆਉਣ ਲਈ ਜੱਦੋ-ਜਹਿਦ ਕਰਨੀ ਪਈ। ਇਸ ਮੌਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੂਤਿਨ ਦਾ ਸਮਰਥਨ ਕੀਤਾ ਅਤੇ ਵਾਸ਼ਿੰਗਟਨ ਤੋਂ ਇਜ਼ਰਾਈਲ-ਇਰਾਨ ਵਿਚਕਾਰ ਜੰਗ ਦੀ ਸਥਿਤੀ ਨਾਲ ਨਜਿੱਠਣ ਲਈ ਇੱਕ ਦਿਨ ਪਹਿਲਾਂ ਚਲੇ ਗਏ ਸਨ। ਟਰੰਪ ਦੇ ਉੱਥੋਂ ਜਾਣ ਕਾਰਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਹੱਥੋਂ ਅਮਰੀਕਾ ਤੋਂ ਹੋਰ ਹਥਿਆਰ ਮੰਗਣ ਦਾ ਮੌਕਾ ਖੁੰਝ ਗਿਆ।
ਕਰੈਮਲਿਨ ਦੇ ਸਹਾਇਕ ਯੂਰੀ ਉਸਾਕੋਵ ਨੇ ਜਾਣਕਾਰੀ ਦਿੱਤੀ ਕਿ ਪੂਤਿਨ ਅਤੇ ਸ਼ੀ ਨੇ ਕੈਨੇਡਾ ਵਿੱਚ ਹਾਲ ਹੀ ’ਚ ਹੋਏ ਜੀ7 ਸਿਖਰ ਸੰਮੇਲਨ ਦੇ ਨਤੀਜਿਆਂ ਬਾਰੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਜੀ7 ਦੇ ਨੇਤਾਵਾਂ ਵਿਚਕਾਰ ਪੈਦਾ ਹੋਈ ਟਕਰਾਅ ਦੀ ਸਥਿਤੀ ਬਾਰੇ ਗੱਲਬਾਤ ਕੀਤੀ। ਕਰੈਮਲਿਨ ਨੇ ਦੱਸਿਆ ਕਿ ਲਗਪਗ ਇੱਕ ਘੰਟਾ ਚੱਲੀ ਗੱਲਬਾਤ ਦੌਰਾਨ ਦੋਵਾਂ ਨੇ ਇਜ਼ਰਾਈਲ-ਇਰਾਨ ਸੰਕਟ, ਦੁਵੱਲੇ ਸਬੰਧ ਅਤੇ ਬ੍ਰਿਕਸ ਸਮੂਹ ਅੰਦਰ ਸਹਿਯੋਗ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ।-ਰਾਇਟਰਜ਼