Putin-Trump discuss Iran-Israel: ਇਰਾਨ ’ਤੇ ਤਾਜ਼ਾ ਡਰੋਨ ਹਮਲੇ ਦੌਰਾਨ ਪੂਤਿਨ ਤੇ ਟਰੰਪ ਵੱਲੋਂ ਇਰਾਨ-ਇਜ਼ਰਾਈਲ ਸਥਿਤੀ 'ਤੇ ਚਰਚਾ
ਦੁਬਈ, 14 ਜੂਨ
ਇਰਾਨ ਦੀਆਂ ਨੀਮ-ਸਰਕਾਰੀ ਖ਼ਬਰ ਏਜੰਸੀਆਂ ਨੇ ਰਿਪੋਰਟ ਦਿੱਤੀ ਕਿ ਸ਼ਨਿੱਚਰਵਾਰ ਨੂੰ ਇੱਕ ਇਜ਼ਰਾਈਲੀ ਡਰੋਨ ਨੇ ਇਰਾਨ ਦੇ ਦੱਖਣੀ ਪਾਰਸ ਗੈਸ ਖੇਤਰ (Iran's South Pars gas field) ਵਿੱਚ ਇੱਕ ਰਿਫਾਈਨਰੀ 'ਤੇ ਹਮਲਾ ਕੀਤਾ ਹੈ। ਦੂਜੇ ਪਾਸੇ ਦੋਵਾਂ ਮੁਲਕਾਂ ਦੇ ਵਧਦੇ ਤਣਾਅ ਤੇ ਫੈਲਦੇ ਟਕਰਾਅ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਅਮਰੀਕੀ ਸਦਰ ਡੋਨਾਲਡ ਟਰੰਪ ਨੇ ਸ਼ਨਿੱਚਰਵਾਰ ਨੂੰ ਇੱਕ ਨਵੀਂ ਟੈਲੀਫੋਨ ਕਾਲ ਵਿੱਚ ਇਰਾਨ ਅਤੇ ਇਜ਼ਰਾਈਲ ਵਿਚਕਾਰ ਦੁਸ਼ਮਣੀ 'ਤੇ ਚਰਚਾ ਕੀਤੀ।
ਇਹ ਜਾਣਕਾਰੀ ਰੂਸੀ ਖ਼ਬਰ ਏਜੰਸੀਆਂ ਨੇ ਕ੍ਰੈਮਲਿਨ ਦੇ ਚੋਟੀ ਦੇ ਵਿਦੇਸ਼ ਨੀਤੀ ਸਹਾਇਕ ਯੂਰੀ ਉਸ਼ਾਕੋਵ ਦੇ ਹਵਾਲੇ ਨਾਲ ਦਿੱਤੀ ਹੈ। ਏਜੰਸੀਆਂ ਨੇ ਉਸ਼ਾਕੋਵ (Top Kremlin foreign policy aide Yuri Ushakov) ਦੇ ਹਵਾਲੇ ਨਾਲ ਕਿਹਾ ਹੈ ਕਿ ਪੂਤਿਨ ਨੇ ਇਰਾਨ 'ਤੇ ਇਜ਼ਰਾਈਲੀ ਹਮਲਿਆਂ ਦੀ ਨਿੰਦਾ ਕੀਤੀ ਹੈ ਅਤੇ ਦੋਵਾਂ ਨੇਤਾਵਾਂ ਪੂਤਿਨ ਤੇ ਟਰੰਪ (Russian President Vladimir Putin and President Donald Trump) ਨੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਉਤੇ ਚਰਚਾ 'ਤੇ ਪਰਤਣ ਤੋਂ ਇਨਕਾਰ ਨਹੀਂ ਕੀਤਾ।
ਉਸ਼ਾਕੋਵ ਨੇ ਖ਼ਬਰ ਏਜੰਸੀਆਂ ਨੂੰ ਇਹ ਵੀ ਕਿਹਾ ਕਿ ਪੂਤਿਨ ਨੇ ਟਰੰਪ ਨੂੰ ਸਾਫ਼ ਕੀਤਾ ਹੈ ਕਿ ਉਹ ਇਰਾਨ ਖ਼ਿਲਾਫ਼ ਇਜ਼ਰਾਈਲ ਦੀ ਫ਼ੌਜੀ ਕਾਰਵਾਈ ਦੀ ਨਿਖੇਧੀ ਕਰਦੇ ਹਨ।
ਉਸ਼ਾਕੋਵ ਦੇ ਹਵਾਲੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਪੂਤਿਨ ਨੇ ਯੂਕਰੇਨ ਨਾਲ ਗੱਲਬਾਤ ਜਾਰੀ ਰੱਖਣ ਲਈ ਰੂਸ ਦੀ ਤਿਆਰੀ ਦੀ ਪੁਸ਼ਟੀ ਕੀਤੀ ਹੈ। ਉਸ਼ਾਕੋਵ ਨੇ ਕਿਹਾ ਕਿ ਦੋਵਾਂ ਰਾਸ਼ਟਰਪਤੀਆਂ ਨੇ ਲਗਭਗ 50 ਮਿੰਟ ਗੱਲਬਾਤ ਕੀਤੀ। ਉਨ੍ਹਾਂ ਗੱਲਬਾਤ ਨੂੰ ਸਾਰਥਕ ਅਤੇ ਉਪਯੋਗੀ ਦੱਸਿਆ।
ਇਰਾਨੀ ਤੇਲ ਰਿਫਾਈਨਰੀ ’ਤੇ ਡਰੋਨ ਹਮਲਾ
ਇਸ ਦੌਰਾਨ ਨੀਮ-ਸਰਕਾਰੀ ਇਰਾਨੀ ਖ਼ਬਰ ਏਜੰਸੀਆਂ ਨੇ ਕਿਹਾ ਕਿ ਅੱਜ ਇੱਕ ਇਜ਼ਰਾਈਲੀ ਡਰੋਨ ਨੇ ਇਰਾਨ ਦੇ ਦੱਖਣੀ ਪਾਰਸ ਗੈਸ ਖੇਤਰ ਵਿੱਚ ਇੱਕ ਰਿਫਾਈਨਰੀ 'ਤੇ ਹਮਲਾ ਕੀਤਾ ਹੈ। ਜੇ ਇਸ ਹਮਲੇ ਦੀ ਪੁਸ਼ਟੀ ਹੋ ਜਾਂਦੀ ਹੈ, ਤਾਂ ਇਹ ਇਰਾਨ ਦੇ ਤੇਲ ਅਤੇ ਕੁਦਰਤੀ ਗੈਸ ਉਦਯੋਗ 'ਤੇ ਪਹਿਲਾ ਇਜ਼ਰਾਈਲੀ ਹਮਲਾ ਹੋਵੇਗਾ ਅਤੇ ਨਾਲ ਹੀ ਇਹ ਟਕਰਾਅ ਨੂੰ ਵਧਾਉਣ ਵਾਲੀ ਕਾਰਵਾਈ ਵੀ ਹੋ ਸਕਦੀ ਹੈ।
ਇਜ਼ਰਾਈਲ ਨੇ ਫ਼ੌਰੀ ਤੌਰ ’ਤੇ ਹਮਲੇ ਨੂੰ ਸਵੀਕਾਰ ਨਹੀਂ ਕੀਤਾ। ਅਜਿਹੀਆਂ ਥਾਵਾਂ ਦੇ ਆਲੇ-ਦੁਆਲੇ ਹਵਾਈ ਰੱਖਿਆ ਪ੍ਰਣਾਲੀਆਂ ਹਨ, ਜਿਨ੍ਹਾਂ ਨੂੰ ਇਜ਼ਰਾਈਲ ਸ਼ੁੱਕਰਵਾਰ ਤੋਂ ਨਿਸ਼ਾਨਾ ਬਣਾ ਰਿਹਾ ਹੈ।
ਫਾਰਸ ਅਤੇ ਤਸਨੀਮ ਖ਼ਬਰ ਏਜੰਸੀਆਂ (Fars and Tasnim news agencies) ਨੇ ਹਮਲੇ ਦੀ ਰਿਪੋਰਟ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਖੇਤਰ ਦੇ ਫੇਜ਼ 14 ਵਿੱਚ ਹੋਇਆ। ਇਰਾਨ ਗੈਸ ਖੇਤਰ ਨੂੰ ਕਤਰ ਨਾਲ ਸਾਂਝਾ ਕਰਦਾ ਹੈ, ਜੋ ਕਿ ਫ਼ਾਰਸ ਦੀ ਖਾੜੀ ਵਿੱਚ ਫੈਲਿਆ ਹੋਇਆ ਹੈ। -ਰਾਇਟਰਜ਼/ਏਪੀ