ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਦੇ ਦੋ ਸਾਲ ਹੋਣ ’ਤੇ ਪੀਟੀਆਈ ਅੱਜ ਕਰੇਗੀ ਮੁਜ਼ਾਹਰੇ
ਤਹਿਰੀਕ-ਏ-ਇਨਸਾਫ਼ ਪਾਰਟੀ (ਪੀਟੀਆਈ) ਨੇ ਆਪਣੇ ਬਾਨੀ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਦੇ ਦੋ ਸਾਲ ਹੋਣ ’ਤੇ ਮੰਗਲਵਾਰ 5 ਅਗਸਤ ਨੂੰ ਦੇਸ਼ਿਵਆਪੀ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ। ਇਮਰਾਨ ਖ਼ਾਨ ਨੂੰ ਭ੍ਰਿਸ਼ਟਾਚਾਰ ਦੇ ਇੱਕ ਕੇਸ ’ਚ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ 5 ਅਗਸਤ 2023 ਨੂੰ ਲਾਹੌਰ ’ਚ ਉਸ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਹੋਰ ਕੇਸਾਂ ’ਚ ਦੋਸ਼ ਸਾਬਤ ਹੋਣ ਮਗਰੋਂ ਜੇਲ੍ਹ ’ਚ ਹੈ ਤੇ ਮੌਜੂਦਾ ਸਮੇਂ ਉਸ ਨੂੰ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ’ਚ ਰੱਖਿਆ ਗਿਆ ਹੈ। ਕੌਮਾਂਤਰੀ ਮੀਡੀਆ ਬਾਰੇ ਇਮਰਾਨ ਖ਼ਾਨ ਦੇ ਸਲਾਹਕਾਰ ਜ਼ੁਲਫਿਕਾਰ ਬੁਖਾਰੀ ਨੇ ਕਿਹਾ, ‘‘ਪੀਟੀਆਈ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਹਦਾਇਤਾਂ ਮੁਤਾਬਕ ਭਲਕੇ (ਮੰਗਲਵਾਰ) ਦੇਸ਼ ਭਰ ’ਚ ਪ੍ਰਦਰਸ਼ਨ ਕੀਤੇ ਜਾਣਗੇ। ਕਾਨੂੰਨ ਦੇ ਸ਼ਾਸਨ ਦੀ ਮੰਗ ਕਰਦਿਆਂ ਹਲਕਾ ਵਾਰ ਪ੍ਰਦਰਸ਼ਨ ਕੀਤੇ ਜਾਣਗੇ।’’ ਉਨ੍ਹਾਂ ਇਹ ਵੀ ਆਖਿਆ ਕਿ ‘ਸ਼ਾਂਤੀਪੂਰਨ ਵਿਰੋਧ’ ਮਗਰੋਂ ਪਾਰਟੀ ਅਗਲੇ ਗੇੜ ਵਿੱਚ ਦੇਸ਼ ’ਚ ਕਨਵੈਨਸ਼ਨਾਂ ਕਰੇਗੀ, ਜਿਸ ਮਗਰੋਂ ਆਖਰੀ ਗੇੜ ’ਚ ਜਨਤਕ ਰੈਲੀਆਂ ਹੋਣਗੀਆਂ। ਬੁਖਾਰੀ ਮੁਤਾਬਕ ਵੱਖ-ਵੱਖ ਗੇੜਾਂ ’ਚ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ ਤੇ ਉਸ ਮੁਤਾਬਕ ਜਾਣਕਾਰੀ ਦਿੱਤੀ ਜਾਣਕਾਰੀ ਜਾਵੇਗੀ।