ਯੂਕਰੇਨੀ ਹਮਲਿਆਂ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ
ਥਰਮਲ ਪਾਵਰ ਪਲਾਂਟ ਸੀ ਨਿਸ਼ਾਨਾ; ਰੂਸ ਵੱਲੋਂ ਯੂਕਰੇਨੀ ਡਰੋਨ ਸੁੱਟਣ ਦਾ ਦਾਅਵਾ
ਯੂਕਰੇਨ ਦੇ ਹਮਲਿਆਂ ਕਾਰਨ ਉਸ ਦੀ ਸਰਹੱਦ ਨਾਲ ਲੱਗਦੇ ਰੂਸ ਦੇ ਦੋ ਪ੍ਰਮੁੱਖ ਸ਼ਹਿਰਾਂ ਵਿੱਚ ਬਿਜਲੀ ਸਪਲਾਈ ਅਤੇ ਹੀਟਿੰਗ ਪ੍ਰਣਾਲੀ ਪ੍ਰਭਾਵਿਤ ਹੋਈ। ਰੂਸ ਅਤੇ ਯੂਕਰੇਨ ਇਕ-ਦੂਜੇ ਦੇ ਊਰਜਾ ਬੁਨਿਆਦੀ ਢਾਂਚੇ ’ਤੇ ਲਗਪਗ ਰੋਜ਼ਾਨਾ ਹਮਲੇ ਕਰ ਰਹੇ ਹਨ। ਲਗਪਗ ਚਾਰ ਸਾਲ ਤੋਂ ਜਾਰੀ ਜੰਗ ਨੂੰ ਰੋਕਣ ਲਈ ਅਮਰੀਕਾ ਦੀ ਅਗਵਾਈ ਵਾਲੀਆਂ ਕੂਟਨੀਤਕ ਕੋਸ਼ਿਸ਼ਾਂ ਬੇਨਤੀਜਾ ਰਹੀਆਂ ਹਨ।
ਖੇਤਰੀ ਗਵਰਨਰ ਐਲੇਗਜ਼ੈਂਡਰ ਗੁਸੇਵ ਨੇ ਦੱਸਿਆ ਕਿ ਡਰੋਨ ਹਮਲੇ ਕਾਰਨ ਵੋਰੋਨਿਸ਼ ਦੇ ਕੁਝ ਹਿੱਸਿਆਂ ਵਿੱਚ ਅਸਥਾਈ ਤੌਰ ਤੋਂ ਬਿਜਲੀ ਪ੍ਰਭਾਵਿਤ ਹੋ ਗਈ ਅਤੇ ‘ਹਿੰਟਿੰਗ ਸਿਸਟਮ’ ਠੱਪ ਹੋ ਗਈ। ਉਨ੍ਹਾਂ ਕਿਹਾ ਕਿ ਦਸ ਲੱਖ ਤੋਂ ਜ਼ਿਆਦਾ ਦੀ ਆਬਾਦੀ ਵਾਲੇ ਸ਼ਹਿਰ ਦੇ ਉੱਪਰ ਰਾਤ ਵਿੱਚ ਕਈ ਡਰੋਨਾਂ ਨੂੰ ਮਾਰ ਸੁੱਟਿਆ ਗਿਆ ਪਰ ਉਨ੍ਹਾਂ ਦੇ ਮਲਬੇ ਨਾਲ ਅੱਗ ਲੱਗ ਗਈ ਜਿਸ ਨੂੰ ਬੁਝਾ ਦਿੱਤਾ ਗਿਆ। ਰੂਸ ਅਤੇ ਯੂਕਰੇਨ ਦੇ ਟੈਲੀਗ੍ਰਾਮ ਚੈਨਲਾਂ ਨੇ ਦਾਅਵਾ ਕੀਤਾ ਕਿ ਹਮਲੇ ਦਾ ਟੀਚਾ ਇਕ ਸਥਾਨਕ ਥਰਮਲ ਪਾਵਰ ਪਲਾਂਟ ਸੀ। ਗਵਰਨਰ ਬਿਆਚੇਸਲਾਵ ਗਲੈਡਕੋਵ ਨੇ ਦੱਸਿਆ ਕਿ ਬੈਲਗੋਰੋਡ ਸ਼ਹਿਰ ਦੀ ਬਿਜਲੀ ਸਪਲਾਈ ਅਤੇ ‘ਹਿਟਿੰਗ ਸਿਸਟਮ’ ਨੂੰ ਵੀ ਗੰਭੀਰ ਨੁਕਸਾਨ ਪਹੁੰਚਿਆ ਹੈ।

