Pope Leo ਪੋਪ ਲਿਓ ਵੱਲੋਂ ਜੇਲ੍ਹ ਵਿੱਚ ਬੰਦ ਪੱਤਰਕਾਰਾਂ ਦੀ ਰਿਹਾਈ ਦੀ ਅਪੀਲ
ਵੈਟੀਕਨ ਸਿਟੀ, 12 ਮਈ
Pope Leo tells media to shun divisions, urges release of jailed reporters: ਪੋਪ ਲਿਓ ਨੇ ਮੀਡੀਆ ਨੂੰ ਆਪਣੇ ਪਹਿਲੇ ਸੰਬੋਧਨ ਵਿੱਚ ਅੱਜ ਪੱਤਰਕਾਰਾਂ ਨੂੰ ਪੱਖਪਾਤੀ ਬਹਿਸਾਂ ਵਿੱਚ ਸ਼ਾਮਲ ਹੋਣ ਦੀ ਬਜਾਏ ਸੱਚਾਈ ਦੀ ਰਿਪੋਰਟ ਕਰਨ ’ਤੇ ਧਿਆਨ ਦੇਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਜੇਲ੍ਹ ਵਿੱਚ ਬੰਦ ਪੱਤਰਕਾਰਾਂ ਦੀ ਰਿਹਾਈ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਜੰਗ ਨੂੰ ਹੱਲਾਸ਼ੇਰੀ ਨਹੀਂ ਦੇਣੀ ਚਾਹੀਦੀ ਤੇ ਸ਼ਾਂਤੀ ਨੂੰ ਪਹਿਲ ਦੇਣੀ ਚਾਹੀਦੀ ਹੈ।
ਉਨ੍ਹਾਂ ਜੇਲ੍ਹ ਵਿੱਚ ਨਜ਼ਰਬੰਦ ਪੱਤਰਕਾਰਾਂ ਬਾਰੇ ਵੀ ਗੱਲ ਕੀਤੀ। ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ ਅਨੁਸਾਰ ਜੇਲ੍ਹਾਂ ਵਿਚ ਬੰਦ ਪੱਤਰਕਾਰਾਂ ਦੀ ਗਿਣਤੀ ਪਿਛਲੇ ਸਾਲ ਦੇ ਅੰਤ ਵਿੱਚ 361 ਸੀ। ਪੋਪ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਬੋਲਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਮਨੁੱਖਤਾ ਦਾ ਭਲਾ ਹੋ ਸਕੇ। ਇਸ ਤੋਂ ਪਹਿਲਾਂ ਬੀਤੇ ਕੱਲ੍ਹ ਪੋਪ ਲਿਓ 14 ਨੇ ਪੋਪ ਵਜੋਂ ਆਪਣੇ ਪਹਿਲੇ ਐਤਵਾਰ ਦੇ ਸੰਬੋਧਨ ਵਿਚ ਕਿਹਾ ਸੀ ਕਿ ਇਸ ਵੇਲੇ ਹੋਰ ਜੰਗ ਨਹੀਂ ਚਾਹੀਦੀ। ਉਨ੍ਹਾਂ ਵਿਸ਼ਵ ਦੀਆਂ ਪ੍ਰਮੁੱਖ ਸ਼ਕਤੀਆਂ ਨੂੰ ਅਪੀਲ ਕਰਦਿਆਂ ਯੂਕਰੇਨ ਵਿੱਚ ਸ਼ਾਂਤੀ, ਗਾਜ਼ਾ ਵਿੱਚ ਗੋਲੀਬੰਦੀ ਅਤੇ ਸਾਰੇ ਇਜ਼ਰਾਈਲੀ ਬੰਧਕਾਂ ਦੀ ਰਿਹਾਈ ਦੀ ਮੰਗ ਕੀਤੀ। ਲਿਓ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਲ ਹੀ ਵਿੱਚ ਹੋਈ ਜੰਗਬੰਦੀ ਦਾ ਵੀ ਸਵਾਗਤ ਕਰਦਿਆਂ ਕਿਹਾ ਕਿ ਉਹ ਦੁਨੀਆ ਨੂੰ ਸ਼ਾਂਤੀ ਪ੍ਰਦਾਨ ਕਰਨ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰ ਰਹੇ ਹਨ। ਪੋਪ ਨੇ ਮਰਹੂਮ ਪੋਪ ਫਰਾਂਸਿਸ ਦੇ ‘ਹੋਰ ਜੰਗ ਨਹੀਂ’ ਦੇ ਸੱਦੇ ਨੂੰ ਦੁਹਰਾਇਆ। ਰਾਇਟਰਜ਼