Pope Francis stable, resting in hospital, ਪੋਪ ਫਰਾਂਸਿਸ ਦੀ ਹਾਲਤ ਸਥਿਰ
ਰੋਮ, 2 ਮਾਰਚ
ਪੋਪ ਫਰਾਂਸਿਸ ਦੀ ਹਾਲਤ ਇਸ ਵੇਲੇ ਸਥਿਰ ਹੈ ਅਤੇ ਅੱਜ ਉਨ੍ਹਾਂ ਹਸਪਤਾਲ ਵਿਚ ਆਰਾਮ ਕੀਤਾ। ਉਹ ਅੱਜ ਆਪਣੇ ਹਫ਼ਤਾਵਾਰੀ ਦੁਪਹਿਰ ਦੇ ਪ੍ਰਾਰਥਨਾ ਸਮਾਗਮ ਵਿਚ ਸ਼ਾਮਲ ਨਾ ਹੋਏ। ਉਹ ਸਿਹਤ ਨਾਸਾਜ਼ ਹੋਣ ਕਾਰਨ ਲਗਾਤਾਰ ਤੀਜੀ ਵਾਰ ਪ੍ਰਾਰਥਨਾ ਸਮਾਗਮ ਵਿਚ ਨਾ ਪੁੱਜੇ। ਪਹਿਲਾਂ ਇਹ ਚਰਚੇ ਸਨ ਕਿ ਉਹ ਜੇਮਲੀ ਹਸਪਤਾਲ ਦੇ ਆਪਣੇ 10ਵੀਂ ਮੰਜ਼ਿਲ ਦੇ ਹਸਪਤਾਲ ਦੇ ਸੂਟ ਤੋਂ ਪ੍ਰਾਰਥਨਾ ਸਭਾ ਨੂੰ ਸੰਬੋਧਨ ਕਰ ਸਕਦੇ ਹਨ। ਦੂਜੇ ਪਾਸੇ ਵੈਟੀਕਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੋਪ ਦੀ ਹਾਲਤ ਸਥਿਰ ਹੈ ਤੇ ਉਹ ਆਰਾਮ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਪੋਪ ਫਰਾਂਸਿਸ (88) ਦੀ ਹਾਲਤ ਅਠਾਰਾਂ ਦਿਨ ਪਹਿਲਾਂ ਗੰਭੀਰ ਹੋ ਗਈ ਸੀ ਅਤੇ ਉਨ੍ਹਾਂ ਨੂੰ ਲੰਮੇ ਸਮੇਂ ਤੱਕ ਸਾਹ ਦੀ ਸਮੱਸਿਆ ਆਈ ਜਿਸ ਕਾਰਨ ਉਨ੍ਹਾਂ ਨੂੰ ਆਕਸੀਜਨ ਦੀ ਲੋੜ ਪਈ। ਇਸ ਤੋਂ ਬਾਅਦ ਵੈਟੀਕਨ ਨੇ ਕਿਹਾ ਸੀ ਕਿ ਪੋਪ ਫਰਾਂਸਿਸ ਫੇਫੜਿਆਂ ਦੀ ਲਾਗ ਕਾਰਨ ਹਸਪਤਾਲ ’ਚ ਦਾਖਲ ਹਨ ਅਤੇ ਅਨੀਮੀਆ ਕਰਕੇ ਉਨ੍ਹਾਂ ਨੂੰ ਖੂਨ ਵੀ ਚੜ੍ਹਾਇਆ ਗਿਆ। ਡਾਕਟਰਾਂ ਨੇ ਪਹਿਲਾਂ ਕਿਹਾ ਸੀ ਕਿ ਪੋਪ ਫਰਾਂਸਿਸ ਖ਼ਤਰੇ ਤੋਂ ਬਾਹਰ ਨਹੀਂ ਹਨ। ਡਾਕਟਰਾਂ ਨੇ ਚਿਤਾਵਨੀ ਦਿੱਤੀ ਸੀ ਕਿ ਸੈਪਸਿਸ (ਖੂਨ ਸਬੰਧੀ ਗੰਭੀਰ ਲਾਗ) ਕਾਰਨ ਖ਼ਤਰਾ ਹੈ ਅਤੇ ਉਨ੍ਹਾਂ ਦਾ ਨਮੂਨੀਆ ਵਿਗੜ ਸਕਦਾ ਹੈ।