ਫਲਸਤੀਨ ਐਕਸ਼ਨ ਸੰਗਠਨ ਦੇ ਹੱਕ ਰੈਲੀ ਦੌਰਾਨ ਪੁਲੀਸ ਨਾਲ ਬਦਸਲੂਕੀ; 890 ਤੋਂ ਵੱਧ ਪ੍ਰਦਰਸ਼ਨਕਾਰੀ ਗ੍ਰਿਫ਼ਤਾਰ
ਲੰਡਨ ਦੀ ਮੈਟਰੋਪੋਲੀਟਨ ਪੁਲੀਸ ਨੇ ਫਲਸਤੀਨ ਐਕਸ਼ਨ Palestine Action ਨੂੰ ਅਤਿਵਾਦੀ ਸੰਗਠਨ ਐਲਾਨੇ ਜਾਣ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਅੱਜ ਪ੍ਰਦਰਸ਼ਨਕਾਰੀਆਂ ਨੂੰ ਠੁੱਡੇ ਮਾਰਨ ਤੇ ਥੁੱਕਣ ਵਰਗੀ ‘ਅਸਹਿ’ ਬਦਸਲੂਕੀ ਦੀ ਨਿਖੇਧੀ ਕੀਤੀ ਹੈ। ਪੁਲੀਸ ਨੇ ਇਸ ਘਟਨਾ ਦੇ ਸਬੰਧ ’ਚ ਲਗਪਗ 890 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸੈਂਕੜੇ ਲੋਕ ਸ਼ਨਿਚਰਵਾਰ ਨੂੰ ਪਾਰਲੀਮੈਂਟ ਸਕੁਏਅਰ Parliament Square ਵਿੱਚ UK ਸਰਕਾਰ ਵੱਲੋਂ ਸੰਗਠਨ ’ਤੇ ਪਾਬੰਦੀ ਦੇ ਵਿਰੋਧ ਵਿੱਚ ਇਕੱਠੇ ਹੋਏ, ਜਿਨ੍ਹਾਂ ਨੇ ਇਜ਼ਰਾਈਲ-ਹਮਾਸ ਟਕਰਾਅ ਖ਼ਿਲਾਫ਼ ‘ਮੈਂ ਨਸਲਕੁਸ਼ੀ ਦਾ ਵਿਰੋਧ ਕਰਦਾ ਹਾਂ, ਮੈਂ ਫਲਸਤੀਨ ਐਕਸ਼ਨ ਦਾ ਸਮਰਥਨ ਕਰਦਾ ਹਾਂ’ ਦੇ ਨਾਅਰਿਆਂ ਵਾਲੀਆਂ ਤਖ਼ਤੀਆਂ ਤੇ ਬੈਨਰ ਫੜੇ ਹੋਏ ਸਨ। ਪੁਲੀਸ ਨੇ ਅਗਸਤ ਮਹੀਨੇ ਇਸੇ ਸੰਗਠਨ ’ਤੇ ਪਾਬੰਦੀ ਦੀ ਉਲੰਘਣਾ ਕਰਦੇ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਸੀ।
ਮੈਟਰੋਪੋਲੀਟਨ ਪੁਲੀਸ ਦੇ ਡਿਪਟੀ ਸਹਾਇਕ ਕਮਿਸ਼ਨਰ ਕਲੇਅਰ ਸਮਾਰਟ ਨੇ ਕਿਹਾ, ‘‘ਆਪਣੀਆਂ ਡਿਊਟੀ ਨਿਭਾਅ ਰਹੇ ਸਾਡੇ ਅਧਿਕਾਰੀਆਂ ਨੂੰ ਪ੍ਰਦਰਸ਼ਨਕਾਰੀਆਂ ਦੁਆਰਾ ਠੁੱਡੇ ਤੇ ਮੁੱਕੇ ਮਾਰੇ ਗਏ ਤੇ ਉਨ੍ਹਾਂ ’ਤੇ ਥੁੱਕਿਆ ਗਿਆ।’’ ਮੈਟਰੋਪੋਲੀਟਨ ਪੁਲੀਸ ਨੇ ਕਿਹਾ ਕਿ ਉਸ ਨੇ ਸ਼ਨਿਚਰਵਾਰ ਨੂੰ ਰਾਜਧਾਨੀ ਲੰਡਨ ਵਿੱਚ ਪ੍ਰਦਰਸ਼ਨਾਂ ਨੂੰ ਕੰਟਰੋਲ ਕਰਨ ਲਈ 2,500 ਤੋਂ ਵੱਧ ਅਧਿਕਾਰੀ ਤਾਇਨਾਤ ਕੀਤੇ ਸਨ। ਪੁਲੀਸ ਅਧਿਕਾਰੀਆਂ ’ਤੇ ਹਮਲਾ ਕਰਨ ਅਤੇ ਹੋਰ ਅਪਰਾਧਾਂ ਲਈ 25 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਅਧਿਕਾਰੀਆਂ ’ਤੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਅਤੇ ਜ਼ਿੰਮੇਵਾਰ ਲੋਕਾਂ ’ਤੇ ਮੁਕੱਦਮਾ ਚਲਾਇਆ ਜਾਵੇਗਾ। ਦੱਸਣਯੋਗ ਹੈ ਕਿ ਸਾਬਕਾ ਗ੍ਰਹਿ ਸਕੱਤਰ ਯਵੇਟ ਕੂਪਰ ਨੇ ਜੁਲਾਈ ਵਿੱਚ ਬਰਤਾਨੀਆਂ ਦੇ ਅਤਿਵਾਦ ਕਾਨੂੰਨ ਤਹਿਤ ਫਲਸਤੀਨ ਐਕਸ਼ਨ ’ਤੇ ਪਾਬੰਦੀ ਲਗਾ ਦਿੱਤੀ ਸੀ। ਕਾਨੂੰਨ ਮੁਤਾਬਕ ਸਮੂਹ ਦੀ ਮੈਂਬਰਸ਼ਿਪ ਜਾਂ ਸਮਰਥਨ ਇੱਕ ਅਪਰਾਧ ਹੈ ਅਤੇ ਦੋਸ਼ੀ ਠਹਿਰਾਏ ਜਾਣ ’ਤੇ 14 ਸਾਲ ਦੀ ਕੈਦ ਹੋ ਸਕਦੀ ਹੈ।