ਨਵੀਂ ਦਿੱਲੀ, 20 ਦਸੰਬਰ
ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਅਮਰੀਕਾ ’ਚ ਭਾਰਤੀ ਸਫ਼ੀਰ ਵਿਨੈ ਮੋਹਨ ਕਵਾਤੜਾ ਨੂੰ ਦਿੱਤੀ ਗਈ ਧਮਕੀ ਨੂੰ ਕੇਂਦਰ ਸਰਕਾਰ ਨੇ ਗੰਭੀਰਤਾ ਨਾਲ ਲਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਅਤੇ ਉਨ੍ਹਾਂ ਅਮਰੀਕੀ ਅਧਿਕਾਰੀਆਂ ਕੋਲ ਇਹ ਮਾਮਲਾ ਚੁੱਕਿਆ ਹੈ। ਹਾਲੀਆ ਵੀਡੀਓ ’ਚ ਪੰਨੂ ਨੇ ਧਮਕੀ ਦਿੱਤੀ ਹੈ ਕਿ ਕਵਾਤੜਾ ਅਮਰੀਕਾ ’ਚ ਖਾਲਿਸਤਾਨ ਪੱਖੀ ਸਿੱਖਾਂ ਦੀ ਰਡਾਰ ’ਤੇ ਹੈ ਜੋ ਰੂਸੀ ਅਧਿਕਾਰੀਆਂ ਨਾਲ ਮਿਲ ਕੇ ਅਮਰੀਕਾ ’ਚ ਖਾਲਿਸਤਾਨੀ ਨੈੱਟਵਰਕ ਬਾਰੇ ਭਾਰਤੀ ਖ਼ੁਫ਼ੀਆ ਏਜੰਸੀਆਂ ਨੂੰ ਜਾਣਕਾਰੀ ਪ੍ਰਦਾਨ ਕਰ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ, ‘‘ਅਸੀਂ ਅਮਰੀਕੀ ਸਰਕਾਰ ਕੋਲ ਇਹ ਮੁੱਦਾ ਚੁੱਕਿਆ ਹੈ ਤੇ ਸਾਨੂੰ ਆਸ ਹੈ ਕਿ ਉਥੋਂ ਦੀ ਸਰਕਾਰ ਕਾਰਵਾਈ ਕਰੇਗੀ।’’ -ਆਈਏਐੱਨਐੱਸ
ਕੈਨੇਡਾ ਨੇ ਕੋਈ ਸਬੂਤ ਨਹੀਂ ਦਿੱਤਾ: ਸਰਕਾਰ
ਨਵੀਂ ਦਿੱਲੀ:
ਕੇਂਦਰ ਨੇ ਅੱਜ ਲੋਕ ਸਭਾ ’ਚ ਦੱਸਿਆ ਕਿ ਕੈਨੇਡਾ ਨੇ ਭਾਰਤ ’ਤੇ ਲਾਏ ‘ਗੰਭੀਰ ਦੋਸ਼ਾਂ’ ਦੀ ਹਮਾਇਤ ਵਿੱਚ ‘ਕੋਈ ਸਬੂਤ’ ਪੇਸ਼ ਨਹੀਂ ਕੀਤਾ। ਵਿਦੇਸ਼ ਰਾਜ ਮੰਤਰੀ ਕੀਰਤੀਵਰਧਨ ਸਿੰਘ ਨੇ ਕਿਹਾ, ‘ਇਸ ਤੋਂ ਇਲਾਵਾ ਇਸ ਮੁੱਦੇ ’ਤੇ ਉਸ ਦਾ (ਕੈਨੇਡਾ ਦਾ) ਜਨਤਕ ਬਿਆਨ ਭਾਰਤ ਵਿਰੋਧੀ ਵੱਖਵਾਦੀ ਏਜੰਡੇ ਨੂੰ ਹੁਲਾਰਾ ਦਿੰਦਾ ਪ੍ਰਤੀਤ ਹੁੰਦਾ ਹੈ।’ -ਪੀਟੀਆਈ